ਟੋਰਾਂਟੋ ਯੂਨੀਵਰਸਿਟੀ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸਕਾਲਰਸ਼ਿਪ
ਵਿਨੀਪੈਗ, 28 ਫਰਵਰੀ (ਪੰਜਾਬ ਮੇਲ)- ਮੈਪਲਜ਼ ਕਾਲਜੀਏਟ ਦੀ ਗ੍ਰੇਡ 12 ਦੀ ਵਿਦਿਆਰਥਣ ਬਿਸਮਨ ਰੰਧਾਵਾ ਨੇ ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਨੈਸ਼ਨਲ ਸਕਾਲਰਸ਼ਿਪ ਹਾਸਲ ਕੀਤੀ ਹੈ। ਇਹ ਯੂਨੀਵਰਸਿਟੀ ਕੈਨੇਡਾ ਦੀ ਨੰਬਰ ਇਕ ਯੂਨੀਵਰਸਿਟੀ ਮੰਨੀ ਜਾਂਦੀ ਹੈ, ਜਿਸ ਦੀ ਕੀਮਤ ਉਸ ਦੀ ਚਾਰ ਸਾਲਾਂ ਦੀ ਅੰਡਰਗਰੈਜੁਏਟ ਡਿੱਗਰੀ ਲਈ $100,000 ਤੋਂ ਵੀ ਵੱਧ ਹੈ। ਨੈਸ਼ਨਲ ਸਕਾਲਰਸ਼ਿਪ ਟੋਰਾਂਟੋ ਯੂਨੀਵਰਸਿਟੀ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸਕਾਲਰਸ਼ਿਪ ਹੈ। ਇਸ ਸਕਾਲਰਸ਼ਿਪ ਲਈ ਕੈਨੇਡਾ ਭਰ ਵਿਚੋਂ ਚੋਟੀ ਦੇ ਹਾਈ ਸਕੂਲਾਂ ਦੇ ਬਿਨੈਕਾਰ ਨਾਮਜ਼ਦ ਕੀਤਾ ਗਏ ਸਨ।
ਯੂਨੀਵਰਸਿਟੀ ਮੂਲ ਰੂਪ ‘ਚ ਰਚਨਾਤਮਕ ਅਤੇ ਵਚਨਬੱਧ ਕੈਨੇਡੀਅਨ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਇਹ ਨੈਸ਼ਨਲ ਸਕਾਲਰਸ਼ਿਪ ਦਿੰਦੀ ਹੈ। ਇਹ ਉਹ ਵਿਦਿਆਰਥੀ ਹਨ ਜੋ ਉੱਤਮ ਅਕਾਦਮਿਕ ਪ੍ਰਦਰਸ਼ਨ, ਮੌਲਿਕ ਅਤੇ ਰਚਨਾਤਮਿਕ ਵਿਚਾਰ, ਭਾਈਚਾਰਕ ਅਗਵਾਈ ਅਤੇ ਬੇਮਿਸਾਲ ਪ੍ਰਾਪਤੀਆਂ ਦੇ ਨਾਲ ਬੌਧਿਕ ਖੋਜ ਲਈ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹਨ। ਇਸ ਸਕਾਲਰਸ਼ਿਪ ਲਈ ਸਖ਼ਤ ਪ੍ਰਕਿਰਿਆ ਅਤੇ ਇੰਟਰਵਿਊ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਵਿਚੋਂ ਸਿਰਫ਼ 15 ਨੂੰ ਚੁਣਿਆ ਜਾਂਦਾ ਹੈ।
ਬਿਸਮਨ ਇਸ ਵੇਲੇ ਮੈਨੀਟੋਬਾ ਦੀ ਵਿਧਾਨ ਸਭਾ ਵਿਚ ਇਕ ਪੇਜ ਵਜੋਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਬਿਸਮਨ ਯੂਨੈਸਕੋ ਵਿਦਿਆਰਥੀ ਪ੍ਰਤੀਨਿਧੀ ਦੇ ਰੂਪ ਵਿਚ ਮੈਪਲਸ ਕਾਲਜੀਏਟ ਦੀ ਨੁਮਾਇੰਦਗੀ ਵੀ ਕਰ ਰਹੀ ਹੈ। ਉਹ ਆਪਣੀ ਟੀਮ ਨਾਲ ਜਲਵਾਯੂ-ਅਧਾਰਿਤ ਖੋਜ ਪ੍ਰੋਜੈਕਟ ਵੀ ਦੇਖ ਰਹੀ ਹੈ। ਉਸ ਨੇ ਮੈਨੀਟੋਬਾ ਯੂਨੀਵਰਸਿਟੀ ਦੇ ਨਾਲ ਖੋਜ ਅਧਿਐਨਾਂ ਵਿਚ ਵੀ ਹਿੱਸਾ ਲਿਆ ਹੈ। ਇੱਕ ਵਿਦਿਆਰਥੀ ਆਗੂ ਵਜੋਂ ਉਸ ਦੇ ਕੰਮ ਨੂੰ ਵਿਧਾਨ ਸਭਾ ਵਿਚ ਮਾਨਤਾ ਦਿੱਤੀ ਗਈ ਹੈ। ਬਿਸਮਨ ਰੰਧਾਵਾ ਦੀ ਮਾਤਾ ਡਾ. ਗੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਇਸ ਕਾਮਯਾਬੀ ‘ਤੇ ਬਹੁਤ ਖ਼ੁਸ਼ੀ ਅਤੇ ਮਾਣ ਹੈ।
ਵਿਨੀਪੈਗ ਦੀ ਪੰਜਾਬਣ ਬਿਸਮਨ ਰੰਧਾਵਾ ਨੂੰ ਮਿਲੀ ਇਕ ਲੱਖ ਡਾਲਰ ਦੀ ਸਕਾਲਰਸ਼ਿਪ
