ਜਲੰਧਰ, 11 ਜਨਵਰੀ (ਪੰਜਾਬ ਮੇਲ)-ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੇ ਲਗਭਗ 20 ਦਿਨਾਂ ਬਾਅਦ ਸ਼ਹਿਰ ਨੂੰ 7ਵਾਂ ਅਤੇ ਨਵਾਂ ਮੇਅਰ ਮਿਲ ਗਿਆ ਹੈ। ਵਿਨੀਤ ਧੀਰ ਨੂੰ ਸਰਬਸੰਮਤੀ ਨਾਲ ਜਲੰਧਰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ ਅਤੇ ਮਲਕੀਤ ਸਿੰਘ ਸਰਪੰਚ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਮੇਅਰ ਦੀ ਚੋਣ ਸਥਾਨਕ ਰੈੱਡ ਕਰਾਸ ਭਵਨ ਵਿਚ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਕੀਤੀ ਗਈ। ਮੀਟਿੰਗ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਕੀਤੀ ਗਈ। ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ-62 ਤੋਂ ਕੌਂਸਲਰ ਚੁਣੇ ਗਏ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਾਇਆ ਹੈ। ਬਿੱਟੂ ਵਾਰਡ ਨੰਬਰ-10 ਤੋਂ ਕੌਂਸਲਰ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 38 ਤੋਂ ਕੌਂਸਲਰ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਸਦਨ ਦੀ ਮੀਟਿੰਗ ਵਿੱਚ ਤਿੰਨਾਂ ਆਗੂਆਂ ਵਿੱਚ ਸਹਿਮਤੀ ਬਣ ਗਈ ਹੈ। ਸ਼ਹਿਰ ਵਿੱਚ ਕੁੱਲ੍ਹ 85 ਵਾਰਡ ਹਨ, ਜਿਸ ਵਿੱਚੋਂ ਆਮ ਆਦਮੀ ਪਾਰਟੀ ਆਪਣੇ ਦਮ ‘ਤੇ ਸਿਰਫ਼ 38 ਸੀਟਾਂ ਹੀ ਜਿੱਤ ਸਕੀ ਪਰ ਬਹੁਮਤ ਲਈ ‘ਆਪ’ ਨੂੰ ਕੁੱਲ੍ਹ 43 ਕੌਂਸਲਰਾਂ ਦੀ ਲੋੜ ਸੀ। ਜਿਸ ਤੋਂ ਬਾਅਦ ਕਈ ਕੌਂਸਲਰ ਕਾਂਗਰਸ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ, 2 ਆਜ਼ਾਦ ਕੌਂਸਲਰਾਂ ਨੇ ‘ਆਪ’ ਨੂੰ ਆਪਣਾ ਸਮਰਥਨ ਦਿੱਤਾ ਸੀ। ਹੁਣ ਕੁੱਲ੍ਹ 46 ਵੋਟਾਂ ਪ੍ਰਾਪਤ ਕਰਨ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਜਲੰਧਰ ਨਗਰ ਨਿਗਮ ‘ਤੇ ਕਬਜ਼ਾ ਕਰ ਲਿਆ ਹੈ।
ਵਿਨੀਤ ਧੀਰ ਨੂੰ ਚੁਣਿਆ ਗਿਆ ਜਲੰਧਰ ਦਾ ਮੇਅਰ
