ਤੇਨਾਲੀ (ਆਂਧਰਾ ਪ੍ਰਦੇਸ਼), 13 ਮਈ (ਪੰਜਾਬ ਮੇਲ)- ਇਥੇ ਸੱਤਾਧਾਰੀ ਪਾਰਟੀ ਵਾਈ.ਐੱਸ.ਆਰ.ਸੀ.ਪੀ. ਦੇ ਵਿਧਾਇਕ ਨੇ ਇੱਕ ਪੋਲਿੰਗ ਬੂਥ ‘ਤੇ ਅੱਜ ਆਪਣੀ ਵੋਟ ਪਾਉਣ ਦੀ ਉਡੀਕ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਥੱਪੜ ਮਾਰ ਦਿੱਤਾ। ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਇਸ ਵਿਅਕਤੀ ਨੇ ਕਤਾਰ ਨੂੰ ਤੋੜ ਕੇ ਅੱਗੇ ਲੰਘਣ ਬਾਰੇ ਵਿਧਾਇਕ ਨੂੰ ਸਵਾਲ ਪੁੱਛਿਆ ਸੀ। ਗੁੱਸੇ ‘ਚ ਆਏ ਉਸ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਜੜ ਦਿੱਤਾ। ਇਹ ਘਟਨਾ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਵਿਖੇ ਵਾਪਰੀ, ਜਦੋਂ ਸਥਾਨਕ ਵਾਈ.ਐੱਸ.ਆਰ.ਸੀ.ਪੀ. ਦੇ ਵਿਧਾਇਕ ਏ. ਸਿਵਾ ਕੁਮਾਰ ਨੇ ਕਤਾਰ ਨੂੰ ਉਲੰਘ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਵੋਟਰਾਂ ਵਿਚੋਂ ਇੱਕ ਨੇ ਉਸ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ। ਗੁੱਸੇ ਵਿਚ ਆ ਕੇ ਵਿਧਾਇਕ ਨੇ ਉਸ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਇਸ ਦੇ ਜਵਾਬ ‘ਚ ਉਸ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਜੜ ਦਿੱਤਾ। ਵਿਧਾਇਕ ਦੇ ਥੱਪੜ ਮਾਰੇ ਜਾਣ ਤੋਂ ਨਾਰਾਜ਼ ਹੋਏ ਉਸ ਦੇ ਸਮਰਥਕਾਂ ਨੇ ਉਸ ਵਿਅਕਤੀ ‘ਤੇ ਆਪਣਾ ਗੁੱਸਾ ਕੱਢਿਆ।