#PUNJAB

ਵਿਦੇਸ਼ ਮੰਤਰਾਲੇ ਨੇ ਗੁਰਮੀਤ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਨਹੀਂ ਦਿੱਤੀ ਪ੍ਰਵਾਨਗੀ

– ਨਹੀਂ ਦੱਸਿਆ ਕਾਰਨ; ਖੇਤੀ ਮੰਤਰੀ ਨਾਲ ਜਾਣ ਵਾਲੇ ਵਫ਼ਦ ਨੂੰ ਵੀ ਨਹੀਂ ਮਿਲੀ ਇਜਾਜ਼ਤ
ਚੰਡੀਗੜ੍ਹ, 24 ਮਾਰਚ (ਪੰਜਾਬ ਮੇਲ)- ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੁੱਡੀਆਂ ਨੇ 29 ਮਾਰਚ ਨੂੰ ਅਮਰੀਕਾ ਲਈ ਸਰਕਾਰੀ ਦੌਰੇ ‘ਤੇ ਰਵਾਨਾ ਹੋਣਾ ਸੀ। ਉਨ੍ਹਾਂ ਨਾਲ ਜਾਣ ਵਾਲੇ ਵਫ਼ਦ ਨੂੰ ਵੀ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਇਹ ਪਹਿਲੀ ਦਫ਼ਾ ਨਹੀਂ ਹੈ, ਜਦੋਂ ਕੇਂਦਰ ਤੋਂ ਪੰਜਾਬ ਦੇ ਕਿਸੇ ਆਗੂ ਨੂੰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਜ਼ੀਰਾਂ ਨੂੰ ਵੀ ਵਿਦੇਸ਼ ਜਾਣ ਵਾਸਤੇ ਕੇਂਦਰ ਨੇ ਹਰੀ ਝੰਡੀ ਨਹੀਂ ਦਿੱਤੀ ਸੀ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਤੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਅਮਰੀਕਾ ਦੌਰੇ ਲਈ ਕੁੱਝ ਦਿਨ ਪਹਿਲਾਂ ਰਾਜਸੀ ਪ੍ਰਵਾਨਗੀ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਹੁਣ ਸੂਬਾ ਸਰਕਾਰ ਨੂੰ ਸੂਚਨਾ ਭੇਜ ਕੇ ਖੁੱਡੀਆਂ ਨੂੰ ਵਿਦੇਸ਼ ਦੌਰੇ ਲਈ ਰਾਜਸੀ ਪ੍ਰਵਾਨਗੀ ਨਾ ਦੇਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਵਿਦੇਸ਼ ਮੰਤਰਾਲੇ ਨੇ ਦੌਰੇ ਦੀ ਪ੍ਰਵਾਨਗੀ ਨਾ ਦੇਣ ਦੇ ਕਾਰਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ। ਖੁੱਡੀਆਂ ਨੇ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਜਾਣਾ ਸੀ। ਉਨ੍ਹਾਂ ਦੌਰੇ ਦੀ ਰਾਜਸੀ ਪ੍ਰਵਾਨਗੀ ਨਾ ਮਿਲਣ ਦੀ ਪੁਸ਼ਟੀ ਕੀਤੀ ਹੈ।
ਖੇਤੀ ਮੰਤਰੀ ਸਮੇਤ ਚਾਰ ਮੈਂਬਰੀ ਵਫ਼ਦ ਨੇ ਅਮਰੀਕਾ ਦੇ ਦੌਰੇ ਲਈ ਜਾਣਾ ਸੀ, ਜਿਸ ਨੂੰ ਪ੍ਰਵਾਨਗੀ ਨਹੀਂ ਮਿਲੀ। ਖੁੱਡੀਆਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਆਦਿ ਨੇ ਵੀ ਅਮਰੀਕਾ ਜਾਣਾ ਸੀ। ਇਸ ਦੌਰੇ ਦਾ ਖ਼ਰਚਾ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਵੱਲੋਂ ਕੀਤਾ ਜਾਣਾ ਸੀ। ਵਫ਼ਦ ਨੇ ਡੇਅਰੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਬਰੀਡਿੰਗ ਪ੍ਰੋਗਰਾਮ ਆਦਿ ਦੀ ਸਟੱਡੀ ਲਈ ਜਾਣਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਫ਼ਦ ਨੂੰ ਅਗਾਊਂ ਪ੍ਰਵਾਨਗੀ ਦੇ ਦਿੱਤੀ ਸੀ।
ਵਿਦੇਸ਼ ਮੰਤਰਾਲੇ ਨੇ ਪਿਛਲੇ ਵਰ੍ਹੇ 3 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਦੌਰੇ ਲਈ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ ਸੀ, ਜਦੋਂ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਵੀ ਸੀ। ਉਸ ਮਗਰੋਂ ਮੁੱਖ ਮੰਤਰੀ ਨੂੰ ਆਸਟਰੇਲੀਆ ਦੇ ਪ੍ਰਾਈਵੇਟ ਦੌਰੇ ਲਈ ਕੇਂਦਰ ਤੋਂ ਪ੍ਰਵਾਨਗੀ ਤਾਂ ਮਿਲ ਗਈ ਸੀ ਪ੍ਰੰਤੂ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਉਨ੍ਹਾਂ ਖੁਦ ਇਹ ਦੌਰਾ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਇੱਕ ਵਾਰ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ।
ਸਤੰਬਰ 2022 ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਯੂਰਪ ਦੌਰੇ ‘ਤੇ ਜਾਣਾ ਚਾਹੁੰਦੇ ਸਨ, ਜਿਸ ਤਹਿਤ ਉਨ੍ਹਾਂ ਜਰਮਨੀ, ਬੈਲਜੀਅਮ ਅਤੇ ਨੈਦਰਲੈਂਡਜ਼ ਦਾ ਦੌਰਾ ਕਰਨਾ ਸੀ ਪ੍ਰੰਤੂ ਕੇਂਦਰੀ ਮੰਤਰਾਲੇ ਨੇ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ ਸੀ। ਉਦੋਂ ਸਿਆਸੀ ਰੌਲਾ-ਰੱਪਾ ਵੀ ਪਿਆ ਸੀ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਵਿਰੋਧੀ ਸਰਕਾਰਾਂ ਦੇ ਵਜ਼ੀਰਾਂ ਨੂੰ ਵਿਦੇਸ਼ ਜਾਣ ਤੋਂ ਰੋਕ ਰਹੀ ਹੈ। ਦੂਸਰੀ ਤਰਫ਼ ਤਤਕਾਲੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕੈਨੇਡਾ ਦੌਰਾ ਕਰ ਚੁੱਕੇ ਹਨ, ਜਦੋਂ ਕਿ ਉਨ੍ਹਾਂ ਨੂੰ ਰਾਜਸੀ ਪ੍ਰਵਾਨਗੀ ਨਹੀਂ ਮਿਲੀ ਸੀ।