ਜਲੰਧਰ, 28 ਮਈ (ਪੰਜਾਬ ਮੇਲ)- ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਫਸੇ ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਜਾਣਕਾਰੀ ਮੁਤਾਬਕ, ਵਿਜੀਲੈਂਸ ਨੇ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਫੜ ਕਰ ਲਿਆ ਹੈ। ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਵੀ ਫੜ ਲਿਆ ਗਿਆ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਪਹਿਲਾਂ ਰਾਜੂ ਮਦਾਨ ਅਤੇ ਉਨ੍ਹਾਂ ਦਾ ਪੁੱਤਰ ਫਰਾਰ ਹੋ ਗਏ ਸਨ। ਗੁਜਰਾਤ ਦੇ ਸੂਰਤ ‘ਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਟੈਕਸਟਾਈਲ ਮਿਲ ਹੈ, ਜਿੱਥੇ ਉਹ ਗਏ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਦਾ ਬਾਕੀ ਪਰਿਵਾਰ ਵੀ ਉੱਥੇ ਪਹੁੰਚ ਗਿਆ। ਇਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਦਾਨ ਪਰਿਵਾਰ ਪਹਿਲਾਂ ਤੋਂ ਹੀ ਫਰਾਰੀ ਦੀ ਯੋਜਨਾ ਬਣਾ ਰਿਹਾ ਸੀ। ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਦੁਬਈ ਜਾਣ ਲਈ ਏਅਰਪੋਰਟ ਗਏ ਸਨ ਅਤੇ ਉੱਥੇ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਲਿਆਇਆ ਜਾ ਰਿਹਾ ਹੈ। ਉਨ੍ਹਾਂ ਨਾਲ ਤਿੰਨ ਹੋਰ ਲੋਕ ਵੀ ਹਨ, ਜਿਨ੍ਹਾਂ ਨੂੰ ਰਾਤ ਦੇ ਸਮੇਂ ਸਿਵਲ ਹਸਪਤਾਲ ਵਿਚ ਮੈਡੀਕਲ ਲਈ ਲਿਆਇਆ ਜਾ ਸਕਦਾ ਹੈ। ਹਾਲਾਂਕਿ ਇਸ ਬਾਰੇ ਵਿਜੀਲੈਂਸ ਦੀ ਟੀਮ ਪੂਰੀ ਤਰ੍ਹਾਂ ਚੁੱਪ ਹੈ। ਐੱਸ.ਐੱਸ.ਪੀ. ਹਰਪ੍ਰੀਤ ਸਿੰਘ ਮੰਡੇਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਹੁਣ ਉੱਚ ਅਧਿਕਾਰੀ ਦੇਖ ਰਹੇ ਹਨ।
ਜਾਣਕਾਰੀ ਦੇ ਅਨੁਸਾਰ, ਦੁਬਈ ਵਿਚ ਇਕ ਵੱਡੇ ਸੱਟੇਬਾਜ਼ (ਬੁਕੀ) ਨੇ ਰਾਜੂ ਮਦਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਨਿੱਜੀ ਰਿਹਾਇਸ਼ ‘ਤੇ ਸ਼ਰਨ ਦੇਣੀ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਬੁਕੀ ਦੇ ਰਮਨ ਅਰੋੜਾ ਅਤੇ ਰਾਜੂ ਮਦਾਨ ਨਾਲ ਲੰਬੇ ਸਮੇਂ ਤੋਂ ਨੇੜੇ ਦੇ ਰਿਸ਼ਤੇ ਰਹੇ ਹਨ। ਇਹ ਰਿਸ਼ਤੇ ਹੁਣ ਜਾਂਚ ਏਜੰਸੀਆਂ ਦੇ ਰਡਾਰ ‘ਤੇ ਹਨ ਅਤੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਜੂ ਮਦਾਨ ਦੇ ਜਰੀਏ ਕਈ ਲੇਨ-ਦੇਨ ਬੁਕੀ ਜ਼ਰੀਏ ਕੀਤੇ ਗਏ ਹਨ।
ਵਿਜੀਲੈਂਸ ਵੱਲੋਂ ਰਮਨ ਅਰੋੜਾ ਦਾ ਕੁੜਮ 3 ਸਾਥੀਆਂ ਸਮੇਤ ਏਅਰਪੋਰਟ ਤੋਂ ਗ੍ਰਿਫ਼ਤਾਰ
