#PUNJAB

ਵਿਜੀਲੈਂਸ ਬਿਊਰੋ ਵੱਲੋਂ ਪੀ.ਐੱਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਮੁਲਜ਼ਮ ਨੇ ਸਰਕਾਰੀ ਖਜ਼ਾਨੇ ਨੂੰ ਲਾਇਆ 1,52,79,000 ਰੁਪਏ ਦਾ ਖੋਰਾ
ਚੰਡੀਗੜ੍ਹ, 24 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐੱਸ.ਆਈ.ਈ.ਸੀ.) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿਚ ਹੋਏ ਗਬਨ ਦੇ ਸਬੰਧ ਵਿਚ ਅੱਜ ਅਵਤਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮਾਡਲ ਟਾਊਨ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਰਾਜ ਸਰਕਾਰ ਦੇ ਖਜਾਨੇ ਨੂੰ ਸਿੱਧਾ 1,52,79,000 ਰੁਪਏ ਦਾ ਖ਼ੋਰਾ ਲਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਪੀ.ਐੱਸ.ਆਈ.ਈ.ਸੀ. ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਨਿੱਜੀ ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਨੰਬਰ 04, ਮਿਤੀ 08.03.2024 ਨੂੰ ਪਹਿਲਾਂ ਹੀ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1)(ਏ) ਸਮੇਤ 13(2) ਤਹਿਤ ਬਿਓਰਿਆਂ ਦੇ ਪੁਲਿਸ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਐੱਸ.ਏ.ਐੱਸ. ਨਗਰ ਵਿਖੇ ਕੇਸ ਦਰਜ ਕੀਤਾ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਐੱਸ.ਆਈ.ਈ.ਸੀ. ਦੇ ਤੱਤਕਾਲੀ ਸੀ.ਜੀ.ਐੱਮ. ਸੁਰਿੰਦਰਪਾਲ ਸਿੰਘ, ਜੀ.ਐੱਮ. ਜਸਵਿੰਦਰ ਸਿੰਘ ਰੰਧਾਵਾ ਅਤੇ ਪੀ.ਐੱਸ.ਆਈ.ਈ.ਸੀ. ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਪ੍ਰਾਈਵੇਟ ਵਿਅਕਤੀਆਂ ਅਤੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰਕੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿਚ ਧਾਂਦਲੀ ਕੀਤੀ ਸੀ। ਇਸ ਨਾਲ ਉਨ੍ਹਾਂ ਨੇ ਆਪਣੇ ਨਿੱਜੀ ਲਾਹੇ ਲਈ ਰਾਜ ਸਰਕਾਰ ਨੂੰ ਕਰੋੜਾਂ ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਅਵਤਾਰ ਸਿੰਘ ਅਤੇ ਉਸਦਾ ਪੁੱਤਰ ਦਮਨਪ੍ਰੀਤ ਸਿੰਘ, ਜੋ ਉਦਯੋਗਿਕ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਕਰਦੇ ਹਨ, ਨੇ ਸੀ.ਜੀ.ਐੱਮ. ਸੁਰਿੰਦਰਪਾਲ ਸਿੰਘ ਅਤੇ ਜੀ.ਐੱਮ. ਜੇ.ਐੱਸ. ਰੰਧਾਵਾ ਨਾਲ ਮਿਲ ਕੇ ਫੇਜ਼ 8-ਬੀ, ਇੰਡਸਟ੍ਰੀਅਲ ਏਰੀਆ, ਐੱਸ.ਏ.ਐੱਸ. ਨਗਰ ਵਿਖੇ ਪੀ.ਐੱਸ.ਆਈ.ਈ.ਸੀ. ਦੇ 1389 ਵਰਗ ਗਜ਼ ਦੇ ਪਲਾਟ ਨੰਬਰ ਈ-261, ਨੂੰ ਮੈਸਰਜ਼ ਸੁਖਮਨੀ ਇੰਟਰਪ੍ਰਾਈਜ਼ਜ਼ ਦੇ ਨਾਮ ‘ਤੇ ਅਲਾਟ ਕਰਨ ਵਿਚ ਧਾਂਦਲੀ ਕੀਤੀ। ਉਨ੍ਹਾਂ ਨੇ ਦਮਨਪ੍ਰੀਤ ਸਿੰਘ ਦੇ ਨਾਂ ‘ਤੇ ਚੰਡੀਗੜ੍ਹ ਸਥਿਤ ਫਰਜ਼ੀ ਪਤੇ ਦੀ ਵਰਤੋਂ ਕਰਕੇ ਮਹਿਜ਼ 1265 ਪ੍ਰਤੀ ਵਰਗ ਗਜ਼ ਕੀਮਤ ‘ਤੇ ਮਿਤੀ 13.07.2004 ਨੂੰ ਉਕਤ ਪਲਾਟ ਹਾਸਲ ਕੀਤਾ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਪੀ.ਐੱਸ.ਆਈ.ਈ.ਸੀ. ਦੇ ਨਿਯਮਾਂ ਅਤੇ ਅਲਾਟਮੈਂਟ ਪੱਤਰ ਦੇ ਅਨੁਸਾਰ, ਜੇਕਰ ਅਲਾਟਮੈਂਟ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਅਲਾਟੀ (ਖਰੀਦਣ ਵਾਲੇ) ਦੁਆਰਾ ਕੁੱਲ ਰਕਮ ਦਾ 30 ਫੀਸਦੀ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪਲਾਟ ਦੀ ਅਲਾਟਮੈਂਟ ਰੱਦ ਕਰ ਦਿੱਤੀ ਜਾਣੀ ਚਾਹੀਦੀ ਸੀ ਪਰ, ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਅਵਤਾਰ ਸਿੰਘ ਨੇ ਸ਼ੁਰੂਆਤੀ 10 ਫੀਸਦੀ ਬਿਆਨੇ ਦੀ ਰਕਮ ਜਮ੍ਹਾਂ ਕਰਨ ਤੋਂ ਬਾਅਦ ਪੀ.ਐੱਸ.ਆਈ.ਈ.ਸੀ. ਨੂੰ ਹੋਰ ਕੋਈ ਰਕਮ ਜਮ੍ਹਾਂ ਨਹੀਂ ਕਰਵਾਈ। ਇਸ ਤੋਂ ਇਲਾਵਾ ਇਸ ਪਲਾਟ ਦੀ ਅਲਾਟਮੈਂਟ ਦੀਆਂ ਤਰੀਕਾਂ ਨੂੰ ਵਾਰ-ਵਾਰ ਬਦਲਿਆ ਗਿਆ।
ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਅਵਤਾਰ ਸਿੰਘ ਨੇ ਜੀ.ਐੱਮ. ਜੇ.ਐੱਸ. ਰੰਧਾਵਾ ਅਤੇ ਸੀ.ਜੀ.ਐੱਮ. ਸੁਰਿੰਦਰਪਾਲ ਸਿੰਘ ਦੀ ਮਿਲੀਭੁਗਤ ਨਾਲ ਇਹ ਪਲਾਟ 2016 ਵਿਚ ਅਸਲ ਖ਼ਰੀਦ ਰੇਟ 1265 ਪ੍ਰਤੀ ਵਰਗ ਗਜ਼ ‘ਤੇ ਅੱਗੇ ਵੇਚ ਦਿੱਤਾ ਸੀ, ਜਦਕਿ 2013 ਵਿਚ ਇਸਦੀ ਕੀਮਤ 11,000 ਪ੍ਰਤੀ ਵਰਗ ਗਜ਼ ਸੀ। ਕੇਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਪੀ.ਐੱਸ.ਆਈ.ਈ.ਸੀ. ਅਧਿਕਾਰੀਆਂ/ਕਰਮਚਾਰੀਆਂ ਅਤੇ ਇੱਕ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੇ ਸਰਕਾਰੀ ਖਜ਼ਾਨੇ ਨੂੰ ਸਿੱਧੇ ਤੌਰ ‘ਤੇ 1,52,79,000 ਰੁਪਏ ਦਾ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਅਵਤਾਰ ਸਿੰਘ, ਜੀ.ਐੱਮ. ਜੇ.ਐੱਸ. ਰੰਧਾਵਾ ਅਤੇ ਸੀ.ਜੀ.ਐੱਮ. ਸੁਰਿੰਦਰਪਾਲ ਸਿੰਘ ਨੇ 2016 ਵਿਚ ਉਕਤ ਪਲਾਟ ਦੀ ਫ਼ਰੋਖ਼ਤ ਅਤੇ ਰੱਦੋਬਦਲ ਕਰਕੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।