ਨਿਊਯਾਰਕ, 22 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਗਏ ਇਕ ਭਾਰਤੀ-ਗੁਜਰਾਤੀ ਪ੍ਰਤੀਕ ਪਟੇਲ ਨੂੰ ਬੀਤੇ ਦਿਨੀਂ ਅਦਾਲਤ ਨੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਭਾਰਤੀ-ਗੁਜਰਾਤੀ ਨੌਜਵਾਨ, ਜੋ ਕਿ ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਇਆ ਸੀ, ਨੂੰ ਇੱਕ ਆਦਮੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਸ ਨੇ ਅਦਾਲਤ ਵਿਚ ਆਪਣਾ ਅਪਰਾਧ ਵੀ ਕਬੂਲ ਕਰ ਲਿਆ। ਇਸ ਮਾਮਲੇ ਵਿਚ ਅਦਾਲਤ ਵੱਲੋਂ ਉਸ ਨੂੰ 90 ਮਹੀਨੇ ਯਾਨੀ ਸਾਢੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਅਦਾਲਤ ਨੇ ਉਸ ਨੂੰ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰਿਹਾਈ ‘ਤੇ ਵੀ ਰੱਖੇ ਜਾਣ ਦਾ ਹੁਕਮ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰਤੀਕ ਪਟੇਲ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਮੰਨਿਆ ਹੈ। ਹੋ ਸਕਦਾ ਹੈ ਕਿ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਨੂੰ ਭਾਰਤ ਵੀ ਭੇਜਿਆ ਜਾ ਸਕਦਾ ਹੈ। ਦੋਸ਼ੀ ਪ੍ਰਤੀਕ ਪਟੇਲ, ਜੋ ਕਿ ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਗਿਆ ਸੀ, ਨੂੰ ਅਮਰੀਕਾ ਦੇ ਸੂਬੇ ਓਹਾਇਓ ਦੇ ਫੇਅਰਬੋਰਨ ਵਿਚ ਰਹਿਣ ਵਾਲੇ ਇੱਕ ਵਿਅਕਤੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਲਈ ਉਸ ਨੇ ਇਸ ਸਾਲ ਦੇ ਜਨਵਰੀ ਦੇ ਮਹੀਨੇ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਸੀ।
ਅਦਾਲਤੀ ਰਿਕਾਰਡਾਂ ਅਨੁਸਾਰ ਪ੍ਰਤੀਕ ਪਟੇਲ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਸੰਯੁਕਤ ਰਾਜ ਅਮਰੀਕਾ ਦੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਆਪਣਾ ਦੋਸ਼ ਵੀ ਕਬੂਲ ਕਰ ਲਿਆ। ਪਰ ਉਸ ‘ਤੇ ਫੇਅਰਬੋਰਨ, ਕੈਲੀਫੋਰਨੀਆ, ਮੈਰੀਲੈਂਡ, ਮਿਨੀਸੋਟਾ, ਪੈਨਸਿਲਵੇਨੀਆ, ਟੈਕਸਾਸ ਅਤੇ ਵਰਜੀਨੀਆ ਤੋਂ ਨਕਦੀ ਨਾਲ ਭਰੇ ਪਾਰਸਲ ਇਕੱਠੇ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਸੰਘੀ ਸ਼ਿਕਾਇਤ ਅਨੁਸਾਰ ਉਸ ਨੇ ਅਮਰੀਕਾ ਦੇ ਸੂਬੇ ਓਹਾਇਓ ਵਿਚ ਇੱਕ 75 ਸਾਲਾ ਦੇ ਵਿਅਕਤੀ ਤੋਂ ਪੈਸੇ ਵਸੂਲੇ ਸਨ। ਇਸ ਮਾਮਲੇ ਵਿਚ ਪੀੜਤ ਨੂੰ ਨਵੰਬਰ 2023 ਵਿਚ ਇੱਕ ਘੁਟਾਲੇਬਾਜ਼ ਨੇ ਫ਼ੋਨ ਕੀਤਾ ਸੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਐਮਾਜ਼ਾਨ ਤੋਂ ਹੈ ਅਤੇ ਉਸਦੇ ਖਾਤੇ ਵਿਚ ਸ਼ੱਕੀ ਗਤੀਵਿਧੀ ਹੋਈ ਹੈ। ਫਿਰ ਘੁਟਾਲੇਬਾਜ਼ ਨੇ ਫੋਨ ਕਾਲ ਨੂੰ ਇੱਕ ਜਾਅਲੀ ਫੈਡਰਲ ਟਰੇਡ ਕਮਿਸ਼ਨ ਅਧਿਕਾਰੀ ਨੂੰ ਟਰਾਂਸਫਰ ਕਰ ਦਿੱਤਾ, ਜਿਸ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਕਿ ਉਸਦੇ ਸੋਸ਼ਲ ਸਕਿਉਰਿਟੀ ਨੰਬਰ ਦੀ ਵਰਤੋਂ ਕਰਕੇ 32 ਬੈਂਕ ਖਾਤੇ ਅਤੇ 17 ਕ੍ਰੈਡਿਟ ਕਾਰਡ ਖੋਲ੍ਹੇ ਗਏ ਹਨ।
ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਏ ਭਾਰਤੀ-ਗੁਜਰਾਤੀ ਨੂੰ 8 ਸਾਲ ਦੀ ਕੈਦ ਦੀ ਸਜ਼ਾ
