ਜ਼ੀਰਕਪੁਰ, 16 ਜੂਨ ( ਪੰਜਾਬ ਮੇਲ)- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ। ਜ਼ੀਰਕਪੁਰ ਦੇ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਨੇ ਬਲਟਾਣਾ ਦੇ ਵਸਨੀਕ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਲਾਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਅਨਮੋਲ ਗਗਨ ਮਾਨ ਵਲੋਂ ਪੀਚ ਰੰਗ ਦਾ ਲਹਿੰਗਾ ਅਤੇ ਹਰੇ ਰੰਗ ਦੀ ਚੁੰਨੀ ਜਦਕਿ ਮੁੰਡੇ ਨੇ ਕ੍ਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਦੋਵਾਂ ਨੇ ਬੜੇ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ ਜਿਥੇ ਦੋਵਾਂ ਦੇ ਪਰਿਵਾਰਕ ਮੈਂਬਰ, ਰਿਸਤੇਦਾਰ ਅਤੇ ਖ਼ਾਸ ਦੋਸਤ ਹੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ (34) ਮਾਨਸਾ ਦੀ ਜੰਮਪਲ ਹੈ ਜਿਸ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕਰਨ ਮਗਰੋਂ ਹੁਣ ਸਿਆਸਤ ਇਹ ਮੁਕਾਮ ਹਾਸਲ ਕੀਤਾ ਹੈ। ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਮਰਹੂਮ ਕਾਂਗਰਸੀ ਆਗੂ ਰਵਿੰਦਰ ਸਿੰਘ ਕੁਕੂ ਸੋਹੀ ਦੇ ਛੋਟੇ ਪੁੱਤਰ ਹਨ।