#PUNJAB

ਵਿਆਹ ਦੀ 13ਵੀਂ ਵਰ੍ਹੇਗੰਢ ‘ਤੇ ਔਰਤ ਨੇ ਕੀਤੀ ਖੁਦਕੁਸ਼ੀ!

ਡੇਰਾਬੱਸੀ, 8 ਮਈ (ਪੰਜਾਬ ਮੇਲ)- 36 ਸਾਲਾ ਵਿਆਹੁਤਾ ਵੱਲੋਂ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਗੀਤਾ ਦੇ ਵਿਆਹ ਦੀ 13ਵੀਂ ਵਰ੍ਹੇਗੰਢ ਸੀ। ਜਦੋਂ ਉਸ ਦੀ ਸਿਹਤ ਵਿਗੜਨ ਲੱਗੀ, ਤਾਂ ਉਸ ਦਾ ਪਤੀ ਖ਼ੁਦ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੇਰਾਬੱਸੀ ਪੁਲਿਸ ਨੇ ਸੀ.ਆਰ.ਪੀ.ਸੀ. 174 ਦੇ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਲਾਸ਼ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ। ਜਾਣਕਾਰੀ ਅਨੁਸਾਰ ਗੀਤਾ ਵਾਸੀ ਕਰਨਾਲ ਦਾ ਵਿਆਹ 6 ਮਈ, 2011 ਨੂੰ ਯੋਗੇਸ਼ ਅੱਤਰੀ ਨਾਲ ਹੋਇਆ ਸੀ। ਪਰਿਵਾਰ ‘ਚ ਉਸ ਦੇ ਦੋ ਬੱਚਿਆਂ ਵਿਚ ਇਕ 10 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਹੈ।
ਯੋਗੇਸ਼ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹੈ। ਯੋਗੇਸ਼ ਉਰਫ਼ ਮੋਨੂੰ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦੁਪਹਿਰ ਵੇਲੇ ਮੋਹਾਲੀ ਗਿਆ ਸੀ। ਰਾਤ ਕਰੀਬ 8 ਵਜੇ ਘਰ ਵਾਪਸ ਆਉਂਦੇ ਸਮੇਂ ਯੋਗੇਸ਼ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਰਾਤ ਦਾ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਪੀਜ਼ਾ ਅਤੇ ਕੇਕ ਲੈ ਕੇ ਆ ਰਿਹਾ ਹੈ। ਇਸ ‘ਤੇ ਉਸ ਦੀ ਪਤਨੀ ਗੀਤਾ ਨੇ ਜਵਾਬ ਦਿੱਤਾ ਕਿ ਹੁਣ ਕੁੱਝ ਲਿਆਉਣ ਦੀ ਲੋੜ ਨਹੀਂ ਹੈ। ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਇਸ ਤੋਂ ਬਾਅਦ ਉਸ ਫੋਨ ‘ਤੇ ਆਪਣੀ ਛੋਟੀ ਭੈਣ ਨੂੰ ਸਾਰੀ ਗੱਲ ਦੱਸੀ। ਇਸ ਦੌਰਾਨ ਅੱਧੇ ਘੰਟੇ ‘ਚ ਹੀ ਮੋਨੂੰ ਘਰ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਪੁਲਿਸ ਨੇ ਉਸ ਦੇ ਪਤੀ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲੈ ਲਿਆ। ਗੀਤਾ ਦਾ ਪੇਕਾ ਪਰਿਵਾਰ ਵੀ ਉੱਥੇ ਪਹੁੰਚ ਗਿਆ। ਮਾਹੌਲ ਗਰਮਾ ਗਿਆ ਪਰ ਦੁਪਹਿਰ ਨੂੰ ਗੁਆਂਢੀਆਂ ਸਮੇਤ ਕੋਈ ਵੀ ਵਿਅਕਤੀ ਮੋਨੂੰ ਨਾਲ ਕਿਸੇ ਤਰ੍ਹਾਂ ਦੀ ਲੜਾਈ-ਝਗੜਾ ਕਰਨ ਦੀ ਸ਼ਿਕਾਇਤ ਲੈ ਕੇ ਅੱਗੇ ਨਹੀਂ ਆਇਆ ਤਾਂ ਉਸ ਦੇ ਭਰਾ, ਭੈਣ ਅਤੇ ਸੱਸ ਨੇ ਸਾਂਝਾ ਹਲਫ਼ਨਾਮਾ ਦਿੱਤਾ, ਜਿਸ ‘ਚ ਉਨ੍ਹਾਂ ਨੇ ਮੋਨੂੰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਸੀ.ਆਰ.ਪੀ.ਸੀ. 174 ਤਹਿਤ ਕਾਰਵਾਈ ਕੀਤੀ। ਇਸ ਕਾਰਨ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਗੀਤਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਬਾਅਦ ‘ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਏ.ਐੱਸ.ਆਈ. ਅਸ਼ੋਕ ਕੁਮਾਰ ਮੁਤਾਬਕ ਮੋਨੂੰ ਦੇ ਪਰਿਵਾਰਕ ਮੈਂਬਰਾਂ ਨੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਆਖੀ, ਜਿਸ ‘ਤੇ ਪੁਲਿਸ ਨੇ ਮੋਨੂੰ ਨੂੰ ਛੱਡ ਦਿੱਤਾ।