#AMERICA

ਵਰਲਡ ਕੱਪ ਮੈਚਾਂ ਦੌਰਾਨ 700 ਤੋਂ ਵੱਧ ਡਰੋਨ ਜ਼ਬਤ: ਐੱਫ.ਬੀ.ਆਈ.

ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਚੱਲ ਰਹੇ ਫੀਫਾ ਕਲੱਬ ਵਰਲਡ ਕੱਪ ਦੌਰਾਨ ਸੁਰੱਖਿਆ ਨੂੰ ਲੈ ਕੇ ਐੱਫ.ਬੀ.ਆਈ. ਨੇ ਵੱਡਾ ਖੁਲਾਸਾ ਕੀਤਾ ਹੈ। ਐੱਫ.ਬੀ.ਆਈ. ਮੁਤਾਬਕ 11 ਜੂਨ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਵਰਲਡ ਕੱਪ ਮੈਚਾਂ ਅਤੇ ਫੈਨ ਫੈਸਟ ਸਮਾਗਮਾਂ ਦੇ ਨੇੜੇ 700 ਤੋਂ ਵੱਧ ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿਚ ਜ਼ਬਤ ਕੀਤੇ ਗਏ ਡਰੋਨਾਂ ਦੀ ਗਿਣਤੀ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਦੋਗੁਣੀ ਹੋ ਗਈ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ।
ਐੱਫ.ਬੀ.ਆਈ. ਨੇ ਕਿਹਾ ਕਿ ਉਹ ਸਥਾਨਕ ਅਤੇ ਰਾਜ ਪੁਲਿਸ ਦੇ ਨਾਲ ਮਿਲ ਕੇ ਵਰਲਡ ਕੱਪ ਮੈਚਾਂ ਅਤੇ ਉਨ੍ਹਾਂ ਨਾਲ ਜੁੜੇ ਫੈਨ ਫੈਸਟ ਸਮਾਗਮਾਂ ਦੇ ਆਲੇ-ਦੁਆਲੇ ਡਰੋਨ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਵੱਲੋਂ ਇਨ੍ਹਾਂ ਖੇਤਰਾਂ ਵਿਚ ਅਸਥਾਈ ਹਵਾਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਡਰੋਨ ਮਾਲਕਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਜ਼ਿਆਦਾਤਰ ਉਲੰਘਣਾਵਾਂ ਵਿਚ ਡਰੋਨ ਜ਼ਬਤ ਕਰਨ ਦੇ ਨਾਲ-ਨਾਲ ਚਲਾਨ ਵੀ ਜਾਰੀ ਕੀਤੇ ਗਏ ਹਨ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਰ ਵਰਲਡ ਕੱਪ ਮੈਚ ਤੋਂ ਤਿੰਨ ਘੰਟੇ ਪਹਿਲਾਂ ਅਤੇ ਤਿੰਨ ਘੰਟੇ ਬਾਅਦ ਤੱਕ ਸਟੇਡੀਅਮ ਦੇ ਆਲੇ-ਦੁਆਲੇ ‘ਨੋ-ਫਲਾਈ ਜ਼ੋਨ’ ਲਾਗੂ ਰਹਿੰਦਾ ਹੈ। ਇਸ ਦੌਰਾਨ ਬਿਨਾਂ ਇਜਾਜ਼ਤ ਡਰੋਨ ਉਡਾਉਣਾ ਸੰਘੀ ਕਾਨੂੰਨ ਦੀ ਉਲੰਘਣਾ ਹੈ।
ਅਮਰੀਕੀ ਅਟਾਰਨੀ ਆਰ. ਮੈਥਿਊ ਪ੍ਰਾਈਸ ਨੇ ਕਿਹਾ ਕਿ ਨੋ-ਫਲਾਈ ਜ਼ੋਨ ਵਿਚ ਡਰੋਨ ਉਡਾਉਣਾ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਜਨਤਕ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਡਰੋਨ ਨਜ਼ਰ ਆਵੇ, ਤਾਂ ਤੁਰੰਤ ਸੂਚਨਾ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਅਮਰੀਕੀ ਨਿਆਂ ਵਿਭਾਗ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।