#AMERICA

ਵਰਜੀਨੀਆ ’ਚ 6 ਸਾਲਾ ਲੜਕੇ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ‘ਚ ਮਾਂ ਨੂੰ 21 ਮਹੀਨੇ ਜੇਲ੍ਹ

ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ਰਾਜ ’ਚ ਇਕ ਸੰਘੀ ਅਦਾਲਤ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਇਕ 6 ਸਾਲ ਦੇ ਮੁੰਡੇ ਵੱਲੋਂ ਆਪਣੀ ਪਹਿਲੀ ਸ਼੍ਰੇਣੀ ਦੀ ਅਧਿਆਪਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਲੜਕੇ ਦੀ ਮਾਂ ਨੂੰ 21 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 26 ਸਾਲਾ ਡੇਜਾ ਟੇਲਰ ਦੇ ਪੁੱਤਰ ਜਿਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ, ਨੇ ਰਿਚਨੈੱਕ ਐਲੀਮੈਂਟਰੀ ਸਕੂਲ ਨਿਊਪੋਰਟ ਨਿਊਜ਼, ਵਰਜੀਨੀਆ ’ਚ ਆਪਣੀ ਅਧਿਆਪਕਾ ਐਬੀਗੇਲ ਵਰਨਰ ਉਪਰ 6 ਜਨਵਰੀ ਨੂੰ ਉਸ ਵੇਲੇ ਗੋਲੀ ਚਲਾ ਦਿੱਤੀ ਸੀ, ਜਦੋਂ ਉਹ ਕਲਾਸ ਵਿਚ ਪੜ੍ਹਾ ਰਹੀ ਸੀ। ਵਰਨਰ ਦੇ ਹੱਥ ਤੇ ਛਾਤੀ ਵਿਚ ਗੋਲੀ ਵੱਜੀ ਸੀ, ਜਿਸ ਕਾਰਨ ਉਹ ਦੋ ਹਫਤੇ ਹਸਪਤਾਲ ’ਚ ਰਹੀ ਤੇ ਉਸ ਦੀ ਸਰਜਰੀ ਕੀਤੀ ਗਈ। ਮਾਂ ਉਪਰ ਲਾਪ੍ਰਵਾਹੀ ਵਰਤਣ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਸ ਦਾ ਪੁੱਤਰ ਉਸ ਦੀ ਗੰਨ ਸਕੂਲ ਲਿਜਾਣ ’ਚ ਸਫਲ ਹੋ ਗਿਆ ਸੀ। ਜੱਜ ਨੇ ਟੇਲਰ ਨੂੰ ਗੰਨ ਦੀ ਮਾਲਕ ਹੋਣ ਸਮੇਂ ਨਸ਼ਾ ਵਰਤਣ ਤੇ ਗੰਨ ਖਰੀਦਣ ਲਈ ਇਕ ਸੰਘੀ ਫਾਰਮ ਭਰਨ ਸਮੇਂ ਨਸ਼ਾ ਨਾ ਕਰਨ ਦਾ ਝੂਠ ਬੋਲਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ, ਜਿਨ੍ਹਾਂ ਦੋਸ਼ਾਂ ਨੂੰ ਟੇਲਰ ਨੇ ਇਸ ਸਾਲ ਜੂਨ ਵਿਚ ਸੰਘੀ ਅਦਾਲਤ ’ਚ ਮੰਨ ਲਿਆ ਸੀ। ਅਧਿਆਪਕਾ ਵਰਨਰ ਨੇ ਸਕੂਲ ਡਿਸਟਿ੍ਰਕਟ ਵਿਰੁੱਧ ਸਿਰੇ ਦੀ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਤਹਿਤ 4 ਕਰੋੜ ਡਾਲਰ ਦਾ ਇਕ ਵੱਖਰਾ ਦਾਅਵਾ ਵੀ ਕੀਤਾ ਹੋਇਆ ਹੈ।
ਕੈਪਸ਼ਨ¿; ¿; ¿; ¿; ¿; ¿;
ਮਾਂ ਡੇਜਾ ਟੇਲਰ ਆਪਣੇ ਵਕੀਲ ਨਾਲ।