#AMERICA

ਵਰਜੀਨੀਆ ‘ਚ ਪੁਲਿਸ ਅਫਸਰ ਹੱਥੋਂ ਚੱਲੀ ਅਚਨਚੇਤ ਗੋਲੀ ਨਾਲ ਸਾਥੀ ਪੁਲਿਸ ਅਫਸਰ ਦੀ ਮੌਤ

-ਗੈਰ ਇਰਾਦਾ ਹੱਤਿਆ ਦਾ ਮਾਮਲਾ ਦਰਜ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ਰਾਜ ਦੇ ਮੈਕਲੀਨ ਖੇਤਰ ਵਿਚ ਇਕ ਯੂ.ਐੱਸ. ਪਾਰਕ ਪੁਲਿਸ ਅਫਸਰ ਹੱਥੋਂ ਅਚਾਨਕ ਗੋਲੀ ਚੱਲ ਜਾਣ ਕਾਰਨ ਇਕ ਹੋਰ ਪੁਲਿਸ ਅਫਸਰ ਦੀ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਡਿਊਟੀ ਖਤਮ ਕਰ ਚੁੱਕੇ ਅਲੈਗਜ਼ੈਂਡਰ ਰੋਬਿਨਸਨ ਰਾਇ (25) ਨੇ ਸਮਝਿਆ ਕਿ ਰਾਈਫਲ ਖਾਲੀ ਹੈ ਤੇ ਉਸ ਨੇ ਘੋੜਾ ਨੱਪ ਦਿੱਤਾ, ਜਿਸ ਦੇ ਸਿੱਟੇ ਵਜੋਂ ਗੋਲੀ ਵੱਜਣ ਕਾਰਨ ਉਸ ਦੇ 22 ਸਾਲਾ ਸਾਥੀ ਜੈਸ ਬਰਾਊਨ ਹਰਨਾਂਡੇਜ਼ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਅਲੈਗਜੰਡਰ ਰਾਇ ਵਿਰੁੱਧ ਗੈਰ ਇਰਾਦਾ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਫੇਅਰਫੈਕਸ ਕਾਊਂਟੀ ਅਡਲਟ ਡੀਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਗੋਲੀ ਚੱਲਣ ਦੀ ਘਟਨਾ ਵਾਪਰੀ, ਤਾਂ ਉਸ ਸਮੇਂ 4 ਵਿਅਕਤੀ ਜੋ ਆਪਸ ਵਿਚ ਇਕ ਦੂਸਰੇ ਨੂੰ ਜਾਣਦੇ ਸਨ, ਘਟਨਾ ਸਥਾਨ ‘ਤੇ ਮੌਜੂਦ ਸਨ। ਫੇਅਰਫੈਕਸ ਕਾਊਂਟੀ ਪੁਲਿਸ ਵਿਭਾਗ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਵਾਸ਼ਿੰਗਟਨ, ਡੀ.ਸੀ. ਦੇ ਬਾਹਰਵਾਰ ਤਕਰੀਬਨ 10 ਮੀਲ ਦੂਰ ਮੈਕਲੀਨ ਖੇਤਰ ਵਿਚ ਪੁੱਜੇ ਤਾਂ ਹਰਨਾਂਡੇਜ਼ ਦੀ ਸਰੀਰ ਦੇ ਉਪਰਲੇ ਹਿੱਸੇ ‘ਚ ਗੋਲੀ ਵੱਜਣ ਕਾਰਨ ਮੌਤ ਹੋ ਚੁੱਕੀ ਸੀ। ਪੁਲਿਸ ਨੇ ਹੋਰ ਕਿਹਾ ਹੈ ਕਿ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਘਟਨਾ ਵਾਪਰਨ ਦਾ ਕਾਰਨ ‘ਸ਼ਰਾਬ’ ਹੋ ਸਕਦਾ ਹੈ।