#AMERICA

ਵਰਜੀਨੀਆ ‘ਚ ਧਮਾਕੇ ਉਪੰਰਤ ਇਕ ਘਰ ਨੂੰ ਲੱਗੀ ਅੱਗ

-ਅੱਗ ਬੁਝਾਊ ਕਾਮੇ ਦੀ ਮੌਤ ਤੇ 13 ਹੋਰ ਜ਼ਖਮੀ
ਸੈਕਰਾਮੈਂਟੋ, 20 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ਰਾਜ ‘ਚ ਸਟਰਲਿੰਗ ਵਿਖੇ ਸ਼ਾਮ ਵੇਲੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿਚ ਸੜ ਕੇ ਅੱਗ ਬੁਝਾਊ ਅਮਲੇ ਦੇ ਇਕ ਮੈਂਬਰ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ 2 ਆਮ ਲੋਕ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਜਿਸ ਸਮੇਂ ਘਰ ਨੂੰ ਲੱਗੀ ਅੱਗ ਨੇ ਇਕਦਮ ਭਾਂਬੜ ਦਾ ਰੂਪ ਧਾਰਿਆ, ਉਸ ਸਮੇਂ ਅੱਗ ਬੁਝਾਊ ਅਮਲੇ ਦੇ ਮੈਂਬਰ 500 ਗੈਲਨ ਦੀ ਸਮਰਥਾ ਵਾਲੇ ਟੈਂਕ ਵਿਚੋਂ ਗੈਸ ਰਿਸਾਅ ਦੀ ਜਾਂਚ ਲਈ ਘਰ ਦੇ ਅੰਦਰ ਗਏ ਸਨ। ਲੌਕਡਾਊਨ ਕਾਊਂਟੀ ਫਾਇਰ ਐਂਡ ਰੈਸਕਿਊ ਵਿਭਾਗ ਅਨੁਸਾਰ ਅੱਗ ਧਮਾਕੇ ਉਪਰੰਤ ਲੱਗੀ ਤੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੇ ਗੰਭੀਰ ਜ਼ਖਮ ਹਨ। ਮ੍ਰਿਤਕ ਕਾਮੇ ਦੀ ਪਛਾਣ ਟਰੇਵਰ ਬਰਾਊਨ (45) ਵਜੋਂ ਹੋਈ ਹੈ, ਜੋ ਸਟਰਲਿੰਗ ਵਲੰਟੀਅਰ ਫਾਇਰ ਕੰਪਨੀ ਵਿਚ ਕੰਮ ਕਰਦਾ ਸੀ। ਲੌਕਡਾਊਨ ਕਾਊਂਟੀ ਕੰਬਾਈਨਡ ਫਾਇਰ ਰੈਸਕਿਊ ਸਿਸਟਮ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਗੈਸ ਰਿਸਣ ਦੀ ਸੂਚਨਾ ਮਿਲਣ ‘ਤੇ ਅੱਗ ਬੁਝਾਊ ਅਮਲਾ ਸਥਾਨਕ ਸਮੇਂ ਅਨੁਸਾਰ ਸ਼ਾਮ 7.40 ਵਜੇ ਦੇ ਕਰੀਬ ਮੌਕੇ ‘ਤੇ ਪੁੱਜਾ ਸੀ। ਸਿਸਟਮ ਦੇ ਮੁਖੀ ਕੀਥ ਜੌਹਨਸਨ ਨੇ ਕਿਹਾ ਕਿ ਅੱਗ ਬੁਝਾਊ ਅਮਲੇ ਨੇ ਘਰ ਵਿਚ ਮੌਜੂਦ 2 ਵਿਅਕਤੀਆਂ ਤੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਿਆ। 8.30 ਵਜੇ ਤੋਂ ਪਹਿਲਾਂ ਜ਼ਬਰਦਸਤ ਧਮਾਕਾ ਹੋਇਆ ਤੇ ਅੰਦਰ ਮੌਜੂਦ ਅਮਲਾ ਅੱਗ ਦੀਆਂ ਲਪਟਾਂ ‘ਚ ਘਿਰ ਗਿਆ, ਜਦਕਿ ਬਾਹਰ ਖੜ੍ਹੇ ਮੈਂਬਰ ਵੀ ਧਮਾਕੇ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਏ।