ਲੰਡਨ, 31 ਦਸੰਬਰ (ਪੰਜਾਬ ਮੇਲ)-ਪਿਛਲੇ ਸਾਲ 13,000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਵਰਕ ਵੀਜ਼ਾ ‘ਤੇ ਪਹੁੰਚਣ ਤੋਂ ਬਾਅਦ ਬਰਤਾਨੀਆ ‘ਚ ਸ਼ਰਨ ਦਾ ਦਾਅਵਾ ਕੀਤਾ ਹੈ। ਗ੍ਰਹਿ ਦਫ਼ਤਰ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਿਹੜੇ ਲੋਕ ਬਰਤਾਨੀਆਂ ‘ਚ ਕੰਮ ਕਰਨ ਲਈ ਪਹੁੰਚਦੇ ਹਨ ਤੇ ਬਾਅਦ ‘ਚ ਆਪਣੇ ਆਪ ਨੂੰ ਸ਼ਰਨਾਰਥੀ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਅਧਿਕਾਰਤ ਅੰਕੜਿਆਂ ਅਨੁਸਾਰ, ਵਰਕ ਵੀਜ਼ਾ ਧਾਰਕਾਂ ਵਲੋਂ ਸਤੰਬਰ ਤੱਕ ਇਕ ਸਾਲ ‘ਚ 13,427 ਸ਼ਰਣ ਲਈ ਅਰਜ਼ੀਆਂ ਦਿੱਤੀਆਂ ਗਈਆਂ। ਜੋ ਪਿਛਲੇ ਸਾਲ ਦੇ 9,392 ਤੋਂ ਵੱਧ ਹੈ। ਜੁਲਾਈ ਤੋਂ ਸਤੰਬਰ ਤੱਕ ਦੇ 3 ਮਹੀਨਿਆਂ ਦੇ ਅੰਕੜਿਆਂ ‘ਚ ਵਿਦੇਸ਼ਾਂ ਤੋਂ ਆਏ ਕਾਮਿਆਂ ਵੱਲੋਂ ਸ਼ਰਨ ਦੇ ਦਾਅਵੇ ਪਹਿਲੀ ਵਾਰ 4,000 ਦੇ ਅੰਕੜੇ ਤੋਂ ਉੱਪਰ ਗਏ ਜੋ 4,057 ਸਨ। ਗ੍ਰਹਿ ਦਫ਼ਤਰ ਨੇ ਅਨੁਸਾਰ 2018 ਤੇ 2023 ਦੇ ਮੱਧ ਵਿਚਕਾਰ ਪ੍ਰਤੀ ਤਿਮਾਹੀ ਸਿਰਫ਼ 100 ਤੇ 1,000 ਤੱਕ ਦਾਅਵੇ ਦਰਜ਼ ਕੀਤੇ ਜਾਂਦੇ ਰਹੇ। ਇਸ ਤੋਂ ਇਲਾਵਾ ਇਸ ਸਾਲ ਲਗਭਗ 41,500 ਹੋਰ ਪ੍ਰਵਾਸੀਆਂ ਨੇ ਸ਼ਰਨ ਮੰਗੀ ਜੋ ਪਹਿਲਾਂ ਵੱਖ-ਵੱਖ ਵੀਜ਼ਾ ਜਾਂ ਪਰਮਿਟਾਂ ‘ਤੇ ਇਥੇ ਆਏ ਸਨ। ਇਸ ਸਾਲ ‘ਚ ਰਿਕਾਰਡ 110,051 ਸ਼ਰਨ ਦੇ ਦਾਅਵਿਆਂ ਦਾ 38 ਫ਼ੀਸਦ ਸਨ।
ਸ਼ੈਡੋ ਗ੍ਰਹਿ ਮੰਤਰੀ ਕ੍ਰਿਸ ਫਿਲਿਪ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਆਉਣ ਦੇ ਰਹੀ ਹੈ, ਜੋ ਯੂ.ਕੇ. ‘ਚ ਸਥਾਈ ਤੌਰ ‘ਤੇ ਰਹਿਣ ਲਈ ਸ਼ਰਨ ਦਾ ਦਾਅਵਾ ਕਰਕੇ ਸਿਸਟਮ ਦੀ ਦੁਰਵਰਤੋਂ ਕਰਦੇ ਹਨ। ਇਹ ਸਪੱਸ਼ਟ ਹੈ ਕਿ ਵਰਕ ਵੀਜ਼ਿਆਂ ਦੀ ਖਾਸ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸਾਨੂੰ ਬਹੁਤ ਸਖ਼ਤ ਜਾਂਚਾਂ ਦੀ ਲੋੜ ਹੈ ਤੇ ਸ਼ਰਨ ਪ੍ਰਣਾਲੀ ਨੂੰ ਸਖ਼ਤ ਕੀਤਾ ਜਾਵੇ ਤਾਂ ਜੋ ਮਨਘੜਤ ਅਤੇ ਜਾਅਲੀ ਦਾਅਵਿਆਂ ਨੂੰ ਰੱਦ ਕੀਤਾ ਜਾ ਸਕੇ।
ਵਰਕ ਵੀਜ਼ਾ ‘ਤੇ ਯੂ.ਕੇ. ਆਏ 13 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਮੰਗੀ ਸ਼ਰਨ

