#PUNJAB

ਲੱਖਾ ਸਿਧਾਣਾ ਵੱਲੋਂ ਬਠਿੰਡਾ ਤੋਂ ਲੋਕ ਸਭਾ election ਲੜਨ ਦਾ ਐਲਾਨ

ਚਾਉਕੇ, 27 ਮਾਰਚ (ਪੰਜਾਬ ਮੇਲ)- ਲਖਵੀਰ ਸਿੰਘ ਲੱਖਾ ਸਿਧਾਣਾ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਿੰਡ ਢੱਡੇ ਵਿਚ ਵਰਕਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ ਦਾ ਆਨੰਦ ਮਾਣਨ ਵਾਲੀਆਂ ਪਾਰਟੀਆਂ ਵੀ ਹੁਣ ਪੰਜਾਬ ਨੂੰ ਬਚਾਉਣ ਦੀ ਦੁਹਾਈ ਦੇ ਰਹੀਆਂ ਹਨ। ਇਸ ਤੋਂ ਜਾਪਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੇਵਲ ਸੱਤਾ ‘ਤੇ ਕਾਬਜ਼ ਹੋਣ ਲਈ ਪੰਜਾਬੀਆਂ ਦੀਆਂ ਅੱਖਾਂ ਵਿਚ ਧੂੜ ਪਾ ਰਹੀਆਂ ਹਨ। ਉਨ੍ਹਾਂ ਨੂੰ ਪੰਜਾਬ ਦੀ ਜਵਾਨੀ, ਬੋਲੀ, ਇਤਿਹਾਸ, ਪਰਵਾਸ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਵਿਧਾਨ ਚੋਣਾਂ ਦੌਰਾਨ ਉਨ੍ਹਾਂ ਨੂੰ ‘ਆਪ’ ਦਾ ਸਾਥ ਦੇਣ ਲਈ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕਦੇ ਵੀ ਉਸ ਪਾਰਟੀ ਦਾ ਸਾਥ ਨਹੀਂ ਦੇਣਗੇ, ਜਿਸ ਦਾ ਮੂੰਹ ਦਿੱਲੀ ਵੱਲ ਹੋਵੇ। ਹੁਣ ਜਦੋਂ ਉਹ ਕਿਸਾਨੀ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿਚ ਜਾਂਦੇ ਹਨ, ਤਾਂ ਪਿੰਡਾਂ ਵਿਚ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ ਲੋਕਤੰਤਰ ਦਾ ਗਲ ਘੁੱਟ ਰਹੀ ਹੈ। ਇਸ ਮੌਕੇ ਭਾਨਾ ਸਿੱਧੂ ਨੇ ਵੀ ਸੰਬੋਧਨ ਕੀਤਾ।