#PUNJAB

ਲੱਖਾ ਸਿਧਾਣਾ ਤੇ ਸਾਥੀ ਦੇਰ ਰਾਤ ਰਿਹਾਅ

* ਪੰਜਾਬੀ ਬੋਲੀ ਨਾਲ ਵਿਤਕਰਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ
ਬਠਿੰਡਾ, 9 ਨਵੰਬਰ (ਪੰਜਾਬ ਮੇਲ)-ਬੀਤੇ ਦਿਨੀਂ ਰਾਮਪੁਰਾ ਮੰਡੀ ਤੋਂ ਗ੍ਰਿਫ਼ਤਾਰ ਕੀਤੇ ਸਮਾਜ-ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਸਮੇਤ ਸਾਥੀਆਂ ਨੂੰ ਦੇਰ ਰਾਤ ਬਠਿੰਡਾ ਪੁਲਿਸ ਨੇ ਰਿਹਾਅ ਕਰ ਦਿੱਤਾ। ਲੱਖਾ ਸਿਧਾਣਾ ਵੱਲੋਂ ਰਾਮਪੁਰਾ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਪੰਜਾਬੀ ਭਾਸ਼ਾ ਵਿਰੁੱਧ ਫ਼ੈਸਲਿਆਂ ਨੂੰ ਲੈ ਕੇ ਸਕੂਲ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਪੁਲਿਸ ਨੇ ਕਾਫ਼ੀ ਗਹਿਮਾ-ਗਹਿਮੀ ਦੌਰਾਨ ਉਸ ਨੂੰ ਕੁਝ ਸਾਥੀਆਂ ਸਮੇਤ ਹਿਰਾਸਤ ਵਿਚ ਲੈ ਲਿਆ ਸੀ ਅਤੇ ਉਸ ਖ਼ਿਲਾਫ਼ ਧਾਰਾ 7/51 ਤਹਿਤ ਕਰਵਾਈ ਕਰਦਿਆਂ ਥਾਣਾ ਨੰਦਗੜ੍ਹ ਵਿਖੇ ਰੱਖਿਆ ਗਿਆ, ਜਿਥੋਂ ਦੇਰ ਰਾਤ ਲੱਖਾ ਤੇ ਸਾਥੀਆਂ ਨੂੰ ਲਿਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪੇਸ਼ ਕਰਨ ਉਪਰੰਤ ਐੱਸ. ਡੀ. ਐੱਮ. ਨੂੰ ਸੱਦ ਕੇ ਲੱਖੇ ਨੂੰ ਮੁਚੱਲਕੇ ‘ਤੇ ਰਿਹਾਅ ਕਰ ਦਿੱਤਾ ਗਿਆ।
ਇਸ ਪਿੱਛੋਂ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਹਿਯੋਗ ਦੇਣ ਵਾਲੇ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬੀ ਬੋਲੀ ਲਈ ਲੜ ਰਹੇ ਹਨ, ਜਿਸ ਲਈ ਬਣੀ ਲੋਕ ਲਹਿਰ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਛੱਡਿਆ ਹੈ। ਉਨ੍ਹਾਂ ਕਿਹਾ ਕਿ ਇਹ ਲਹਿਰ ਉਸ ਹਰੇਕ ਸਕੂਲ ਅੱਗੇ ਬਣਨੀ ਚਾਹੀਦੀ ਹੈ, ਜਿਥੇ ਪੰਜਾਬੀ ਬੋਲੀ ਨਾਲ ਵਿਤਕਰਾ ਹੁੰਦਾ ਹੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬੀ ਮਾਂ ਬੋਲੀ ਲਈ ਜਿਸ ਦਿਨ ਜਾਨ ਵੀ ਕੁਰਬਾਨ ਕਰਨੀ ਪਈ ਤਾਂ ਉਹ ਪਿੱਛੇ ਨਹੀਂ ਹਟੇਗਾ, ਉਹ ਪੰਜਾਬੀ ਬੋਲੀ ਦੀ ਸੇਵਾ ਲਈ ਇਸੇ ਤਰ੍ਹਾਂ ਆਵਾਜ਼ ਉਠਾਉਂਦੇ ਰਹਿਣਗੇ।