#EUROPE

ਲੰਡਨ ਮੇਅਰ ਦੀ ਚੋਣ ਲਈ ਭਾਰਤੀ ਮੂਲ ਦਾ ਤਰੁਣ ਮੈਦਾਨ ‘ਚ ਨਿੱਤਰਿਆ

ਲੰਡਨ, 22 ਅਪ੍ਰੈਲ (ਪੰਜਾਬ ਮੇਲ)- ਲੰਡਨ ਦੇ ਮੇਅਰ ਦੀ ਚੋਣ ਵਿੱਚ ਸਾਦਿਕ ਖਾਨ ਨੂੰ ਤੀਜੀ ਵਾਰ ਜਿੱਤਣ ਤੋਂ ਰੋਕਣ ਲਈ ਮੈਦਾਨ ‘ਚ ਨਿੱਤਰੇ ਭਾਰਤੀ ਮੂਲ ਦੇ ਤਰੁਣ ਗੁਲਾਟੀ ਨੇ ਕਿਹਾ ਕਿ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਤਜ਼ਰਬੇਕਾਰ ਸੀ.ਈ.ਓ. ਵਾਂਗ ਚਲਾਉਣਾ ਚਾਹੁੰਦੇ ਹਨ, ਜੋ ਕਿ ਸਾਰਿਆਂ ਦੇ ਹਿੱਤ ਵਿਚ ਹੋਵੇਗਾ।
ਦਿੱਲੀ ਵਿਚ ਜਨਮੇ ਤਰੁਣ ਗੁਲਾਟੀ ਦਾ ਮੰਨਣਾ ਹੈ ਕਿ ਬਤੌਰ ਕਾਰੋਬਾਰੀ ਅਤੇ ਨਿਵੇਸ਼ ਮਾਹਿਰ ਉਨ੍ਹਾਂ ਦਾ ਜਿਹੜਾ ਤਜ਼ਰਬਾ ਹੈ ਉਸ ਦੀ ਲੰਡਨ ਨੂੰ ਲੋੜ ਹੈ, ਤਾਂ ਜੋ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਕੇ ‘ਵਿਸ਼ਵ ਦੇ ਆਲਮੀ ਬੈਂਕ’ ਵਜੋਂ ਇਸ ਨੂੰ ਸੁਰਜੀਤ ਕੀਤਾ ਜਾ ਸਕੇ। ਮੇਅਰ ਅਤੇ ਲੰਡਨ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ 2 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ 13 ਉਮੀਦਵਾਰ ਚੋਣ ਮੈਦਾਨ ਵਿਚ ਹਨ। 63 ਸਾਲ ਦੇ ਕਾਰੋਬਾਰੀ ਗੁਲਾਟੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਗੁਲਾਟੀ ਨੇ ਇਸ ਹਫ਼ਤੇ ਇਕ ਭਾਸ਼ਣ ਦੌਰਾਨ ਕਿਹਾ, ”ਮੈਂ ਲੰਡਨ ਨੂੰ ਇਕ ਵਿਲੱਖਣ ਆਲਮੀ ਸ਼ਹਿਰ ਵਜੋਂ ਦੇਖਦਾ ਹਾਂ, ਜਿਵੇਂ ਕਿ ‘ਵਿਸ਼ਵ ਦੇ ਆਲਮੀ ਬੈਂਕ’ ਵਾਂਗ ਜਿੱਥੇ ਕਿ ਵੰਨ-ਸੁਵੰਨੇ ਸੱਭਿਆਚਾਰ ਵਧਦੇ-ਫੁੱਲਦੇ ਹਨ।” ਉਨ੍ਹਾਂ ਕਿਹਾ, ”ਮੇਅਰ ਵਜੋਂ ਮੈਂ ਲੰਡਨ ਦੀ ਬੈਲੇਂਸ ਸ਼ੀਟ ਕੁਝ ਇਸ ਤਰ੍ਹਾਂ ਬਣਾਵਾਂਗਾ ਕਿ ਇਹ ਨਿਵੇਸ਼ ਲਈ ਪਹਿਲੀ ਪਸੰਦ ਹੋਵੇ ਅਤੇ ਇੱਥੇ ਸਾਰੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਯਕੀਨੀ ਹੋਵੇ।”