ਗਾਇਕ ਨੇ ਸ਼ੋਅ ਅੱਧ ਵਿਚਾਲੇ ਛੱਡਿਆ
ਸੁਰੱਖਿਆ ਮੁਲਾਜ਼ਮਾਂ ਵੱਲੋਂ ਹਮਲਾਵਰ ਕਾਬੂ; ਪੰਜਾਬੀ ਗਾਇਕ ‘ਤੇ ਹੋਏ ਹਮਲੇ ਕਾਰਨ ਪ੍ਰਸੰਸਕਾਂ ਵਿਚ ਰੋਸ
ਲੰਡਨ, 7 ਸਤੰਬਰ (ਪੰਜਾਬ ਮੇਲ)- ਪੰਜਾਬੀ ਗਾਇਕ ਕਰਨ ਔਜਲਾ ਉੱਤੇ ਉਸ ਦੇ ਲੰਡਨ ਵਿਚ ਜਾਰੀ ਸ਼ੋਅ ਦੌਰਾਨ ਬੂਟ ਵਗਾਹ ਕੇ ਮਾਰੇ ਜਾਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਬੂਟ ਵੱਜਣ ਤੋਂ ਰੋਹ ਵਿਚ ਆਏ ਗਾਇਕ ਨੇ ਆਪਣਾ ਲੰਡਨ ਕਨਸਰਟ ਅੱਧ ਵਿਚਾਲੇ ਛੱਡ ਦਿੱਤਾ।
ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਇਕ ਪ੍ਰਸ਼ੰਸਕ ਵੱਲੋਂ ਸ਼ੋਅ ਦੌਰਾਨ ਮਾਰਿਆ ਬੂਟ ਸਿੱਧਾ ਗਾਇਕ ਦੇ ਚਿਹਰੇ ਉਤੇ ਵੱਜਾ। ਇਸ ‘ਤੇ ਰੋਹ ਵਿਚ ਗਾਇਕ ਨੇ ਗਾਉਣਾ ਬੰਦ ਕਰ ਕੇ ਹਮਲਾਵਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ।
ਕਰਨ ਔਜਲਾ ਹਮਲਾਵਰ ਨੂੰ ਉੱਚੀ-ਉੱਚੀ ਵੰਗਾਰਨ ਲੱਗਾ, ”ਇਹ ਕਿਸ ਦੀ ਕਰਤੂਤ ਹੈ… ਮੇਰੇ ਸਾਹਮਣੇ ਸਟੇਜ ਉਤੇ ਆਵੇ।” ਉਸ ਨੇ ਕਿਹਾ, ”ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਉਤੇ ਜੁੱਤੀਆਂ ਵਗਾਹ ਮਾਰੋ।” ਉਸ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੈ, ਤਾਂ ਉਸ ਨਾਲ ਸਟੇਜ ਉਤੇ ਆਣ ਕੇ ਸਿੱਧੀ ਗੱਲ ਕਰੇ।
ਇਸ ਦੌਰਾਨ ਸਮਾਗਮ ਦੇ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਭੀੜ ਵਿਚੋਂ ਫੜ ਲਿਆ ਅਤੇ ਉਸ ਨੂੰ ਲਾਂਭੇ ਲੈ ਗਏ। ਔਜਲਾ ਉਤੇ ਹੋਏ ਇਸ ਹਮਲੇ ਨੇ ਉਸ ਦੇ ਪ੍ਰਸ਼ੰਸਕਾਂ ਵਿਚ ਰੋਸ ਹੀ ਪੈਦਾ ਨਹੀਂ ਕੀਤਾ, ਸਗੋਂ ਇਸ ਨਾਲ ਸੁਰੱਖਿਆ ਸਬੰਧੀ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।