#INDIA

ਲੋਕ ਸਭ ਚੋਣਾਂ : 4 ਜੂਨ ਨੂੰ ਸਿਨੇਮਾਘਰਾਂ ’ਚ ਲਾਈਵ ਦਿਖਾਏ ਜਾਣਗੇ ਚੋਣ ਨਤੀਜੇ

ਨਵੀਂ ਦਿੱਲੀ, 1 ਜੂਨ  (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਚੋਣਾਂ ਖ਼ਤਮ ਹੋ ਜਾਣਗੀਆਂ। ਇਸ ਦੇ ਨਾਲ ਹੀ ਇਸ ਦੇ ਨਤੀਜੇ 4 ਜੂਨ ਨੂੰ ਆਉਣਗੇ। 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਦੇਸ਼ ’ਚ ਕਿਸ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੇ ਕਿਸ ਨੂੰ ਚੁਣਿਆ ਹੈ। ਇਸ ਦਰਮਿਆਨ ਖ਼ਬਰ ਹੈ ਕਿ ਮਹਾਰਾਸ਼ਟਰ ਦੇ ਸ਼ਹਿਰਾਂ ’ਚ ਲੋਕਾਂ ਨੂੰ ਲਾਈਵ ਨਤੀਜੇ ਦਿਖਾਏ ਜਾਣਗੇ। ਮੁੰਬਈ ਅਤੇ ਹੋਰ ਸ਼ਹਿਰਾਂ ’ਚ ਸਿਨੇਮਾਘਰਾਂ ’ਚ ਚੋਣ ਨਤੀਜਿਆਂ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। 4 ਜੂਨ ਨੂੰ ਲੋਕ ਵੋਟਾਂ ਦੀ ਗਿਣਤੀ ਨੂੰ ਲਾਈਵ ਦੇਖ ਸਕਣਗੇ। ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ‘ਚ ਬਹੁਤ ਸਾਰੇ ਸਿਨੇਮਾਘਰਾਂ ‘ਚ ਲੋਕ ਸਭਾ ਚੋਣ ਨਤੀਜਿਆਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਈਵ ਦਿਖਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਦੇਸ਼ ‘ਚ ਚੱਲ ਰਹੇ ਸਿਆਸੀ ਡਰਾਮੇ ਨੂੰ ਦੇਖਣ ਦਾ ਮੌਕਾ ਮਿਲੇਗਾ। ਸਿਰਫ਼ ਮੂਵੀਮੈਕਸ ਥੀਏਟਰ ਹੀ ਵੋਟਾਂ ਦੀ ਗਿਣਤੀ ਨੂੰ ਲਾਈਵ ਦਿਖਾਉਣਗੇ। ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਹਰ ਮੂਵੀਮੈਕਸ ਥੀਏਟਰ ’ਚ ਨਤੀਜੇ ਦਿਖਾਏ ਜਾਣਗੇ। ਟਿਕਟ ਦੀ ਕੀਮਤ 99 ਰੁਪਏ ਹੋਵੇਗੀ। ਟਿਕਟਾਂ ਬੁੱਕ ਮਾਈ ਸ਼ੋਅ, ਪੇਅ. ਟੀ. ਐੱਮ. ਦੇ ਨਾਲ-ਨਾਲ ਮੂਵੀਮੈਕਸ ਦੀ ਵੈੱਬਸਾਈਟ ਸਮੇਤ ਸਾਰੇ ਬੁਕਿੰਗ ਪਲੇਟਫਾਰਮਾਂ ’ਤੇ ਉਪਲੱਬਧ ਹੋਣਗੀਆਂ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ, ਜਿਨ੍ਹਾਂ ’ਚ ਦਿਖਾਇਆ ਗਿਆ ਹੈ ਕਿ ਮੀਰਾ ਰੋਡ, ਠਾਣੇ, ਕੰਜੂਰਮਾਰਗ ਅਤੇ ਨਾਗਪੁਰ ‘ਚ ਮੂਵੀਮੈਕਸ ਮੰਗਲਵਾਰ ਨੂੰ ਸਭ ਤੋਂ ਵੱਡੇ ਸਿਆਸੀ ਸਮਾਗਮਾਂ ’ਚੋਂ ਇਕ ਨੂੰ ਦਿਖਾਇਆ ਜਾਵੇਗਾ।