#PUNJAB

ਲੋਕ ਸਭਾ Elections: ਆਨੰਦਪੁਰ ਸਾਹਿਬ ‘ਤੇ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰਾਂ ਦਾ ਰਿਹੈ ਦਬਦਬਾ

ਬੰਗਾ, 23 ਮਾਰਚ (ਪੰਜਾਬ ਮੇਲ)- ਆਨੰਦਪੁਰ ਸਾਹਿਬ ਲੋਕ ਸਭਾ ਦੀਆਂ ਹੁਣ ਤੱਕ ਹੋਈਆਂ ਚੋਣਾਂ ‘ਚ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰਾਂ ਦਾ ਹੀ ਦਬਦਬਾ ਰਿਹਾ ਹੈ। ਸਿਆਸੀ ਧਿਰਾਂ ਵੱਲੋਂ ਇਹ ਉਮੀਦਵਾਰ ਪੈਰਾਸ਼ੂਟ ਰਾਹੀਂ ਉਤਾਰੇ ਗਏ। ਇਨ੍ਹਾਂ ਵਿਚ 2009 ‘ਚ ਰਵਨੀਤ ਸਿੰਘ ਬਿੱਟੂ (ਕਾਂਗਰਸ), 2014 ਵਿਚ ਪ੍ਰੇਮ ਸਿੰਘ ਚੰਦੂਮਾਜਰਾ (ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ), 2019 ‘ਚ ਮਨੀਸ਼ ਤਿਵਾੜੀ (ਕਾਂਗਰਸ) ਸ਼ਾਮਲ ਹਨ। ਕਾਬਲੇਗੌਰ ਹੈ ਕਿ ਇਹ ਤਿੰਨੋਂ ਉਮੀਦਵਾਰ ਬਾਹਰੀ ਹਲਕਿਆਂ ਤੋਂ ਆ ਕੇ ਇੱਥੇ ਚੋਣ ਜਿੱਤ ਗਏ।
ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਇਨ੍ਹਾਂ ਉਮੀਦਵਾਰਾਂ ਦਾ ਜਨਮ, ਪੜ੍ਹਾਈ, ਰਿਹਾਇਸ਼ ਆਦਿ ਪੱਖੋਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਦੂਰ ਤੱਕ ਦਾ ਵੀ ਵਾਸਤਾ ਨਹੀਂ ਸੀ। ਕਾਂਗਰਸ ਵੱਲੋਂ ਪਿਛਲੀ ਵਾਰ ਚੋਣ ਜਿੱਤੇ ਮਨੀਸ਼ ਤਿਵਾੜੀ ਲੋਕ ਸਭਾ ਹਲਕਾ ਲੁਧਿਆਣੇ ਤੋਂ ਲਿਆਂਦੇ ਗਏ ਸਨ। 2014 ਵਿਚ ਚੋਣ ਜਿੱਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਲੋਕ ਸਭਾ ਹਲਕਾ ਪਟਿਆਲਾ ਸੀ। ਇਵੇਂ 2009 ‘ਚ ਚੋਣ ਜਿੱਤਣ ਵਾਲੇ ਰਵਨੀਤ ਸਿੰਘ ਬਿੱਟੂ ਵੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਹੀ ਆਏ ਸਨ। 2009 ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਵੀ ਪਹਿਲਾਂ ਲੋਕ ਸਭਾ ਹਲਕਾ ਜਲੰਧਰ ‘ਚ ਸਰਗਰਮ ਸਨ। ਇਵੇਂ 2014 ‘ਚ ਕਾਂਗਰਸ ਪਾਰਟੀ ਨੇ ਵੀ ਪਾਰਟੀ ਦੀ ਕੌਮੀ ਆਗੂ ਬੀਬੀ ਅੰਬਿਕਾ ਸੋਨੀ ਨੂੰ ਦਿੱਲੀ ਤੋਂ ਲਿਆ ਕੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ। ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ਇਹੀ ਚਰਚਾ ਹੈ ਕਿ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਇੱਥੇ ਦੂਜੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਉਤਾਰੇ ਜਾ ਸਕਦੇ ਹਨ।