#INDIA

ਲੋਕ ਸਭਾ ਮੈਂਬਰ ਦਾਨਿਸ਼ ਕਲੀ ਵੱਲੋਂ ਨਫਰਤੀ ਭਾਸ਼ਣ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ

ਨਵੀਂ ਦਿੱਲੀ, 8 ਫਰਵਰੀ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ‘ਚ ਨਫਰਤੀ ਭਾਸ਼ਣ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਲੋਕ ਸਭਾ ‘ਚ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਅਮਰੋਹਾ ਦੇ ਸੰਸਦ ਮੈਂਬਰ ਨੇ ਕਿਹਾ, ”ਦੇਸ਼ ਵਿਚ ਬਹੁਤ ਸਾਰੇ ਨਫ਼ਰਤੀ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਦੇਸ਼ ਵਿਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ… ਮੈਂ ਬੇਨਤੀ ਕਰਦਾ ਹਾਂ ਕਿ ਇਸ ਵਿਰੁੱਧ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ।” ਇਸੇ ਦੌਰਾਨ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿਚ ਮਾਰੇ ਗਏ ਦੋ ਨੌਜਵਾਨਾਂ ਦੀ ਮੌਤ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, ”ਇਹ ਚਿੰਤਾ ਦਾ ਵਿਸ਼ਾ ਹੈ। ਅੱਜ ਉਨ੍ਹਾਂ ਦੀਆਂ ਲਾਸ਼ਾਂ ਪੰਜਾਬ ਪਹੁੰਚੀਆਂ ਹਨ। ਇਨ੍ਹਾਂ ਕਤਲਾਂ ਦਾ ਕਾਰਨ ਕੀ ਹੈ? ਉੱਥੋਂ ਦੀ ਸਰਕਾਰ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦੀ ਲੋੜ ਹੈ।”