-ਰਾਜ ਸਭਾ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਵਿਚ 10 ਸੀਟਾਂ ਖਾਲੀ ਹੋ ਗਈਆਂ ਹਨ। ਰਾਜ ਸਭਾ ਸਕੱਤਰੇਤ ਨੇ ਹੁਣ ਇਨ੍ਹਾਂ ਅਸਾਮੀਆਂ ਨੂੰ ਨੋਟੀਫਾਈ ਕੀਤਾ ਹੈ। ਇਨ੍ਹਾਂ ਵਿਚ ਅਸਾਮ, ਬਿਹਾਰ ਅਤੇ ਮਹਾਰਾਸ਼ਟਰ ਵਿਚ ਦੋ-ਦੋ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ ਵਿਚ ਇਕ-ਇਕ ਅਸਾਮੀਆਂ ਸ਼ਾਮਲ ਹਨ। ਇਹ ਅਸਾਮੀਆਂ ਕਾਮਾਖਿਆ ਪ੍ਰਸਾਦ ਤਾਸਾ (ਅਸਾਮ), ਸਰਬਾਨੰਦ ਸੋਨੋਵਾਲ (ਅਸਾਮ), ਮੀਸਾ ਭਾਰਤੀ (ਬਿਹਾਰ), ਵਿਵੇਕ ਠਾਕੁਰ (ਬਿਹਾਰ), ਦੀਪੇਂਦਰ ਸਿੰਘ ਹੁੱਡਾ (ਹਰਿਆਣਾ), ਜਯੋਤਿਰਦਿੱਤਿਆ ਸਿੰਧੀਆ (ਮੱਧ ਪ੍ਰਦੇਸ਼), ਉਦਯਨਰਾਜੇ ਭੌਂਸਲੇ (ਮਹਾਰਾਸ਼ਟਰ), ਪਿਯੂਸ਼ ਗੋਇਲ (ਮਹਾਰਾਸ਼ਟਰ), ਕੇ.ਸੀ. ਵੇਣੂਗੋਪਾਲ (ਰਾਜਸਥਾਨ) ਅਤੇ ਬਿਪਲਬ ਕੁਮਾਰ ਦੇਬ (ਤ੍ਰਿਪੁਰਾ) ਨਾਲ ਸਬੰਧਤ ਹਨ। ਇਹ ਸਾਰੇ ਹਾਲ ਹੀ ਵਿਚ ਖ਼ਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਜਿੱਤੇ ਹਨ।
ਸੀਟਾਂ ਖਾਲੀ ਹੋਣ ਦਾ ਵੇਰਵਾ ਦਿੰਦੇ ਹੋਏ ਆਪਣੀ ਨੋਟੀਫਿਕੇਸ਼ਨ ਵਿਚ ਰਾਜ ਸਭਾ ਸਕੱਤਰੇਤ ਨੇ ਕਿਹਾ, ”ਲੋਕ ਪ੍ਰਤੀਨਿਧ ਐਕਟ, 1951 ਦੀ ਧਾਰਾ 69 ਦੀ ਉਪ ਧਾਰਾ (2) ਦੇ ਨਾਲ-ਨਾਲ ਧਾਰਾ 67 ਏ ਅਤੇ ਧਾਰਾ 68 ਦੀ ਉਪ ਧਾਰਾ (4) ਦੇ ਪ੍ਰਬੰਧਾਂ ਦੀ ਪਾਲਣਾ ਵਿਚ, 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ ਜਾਣ ਦੀ ਤਰੀਕ ਮਤਲਬ 4 ਜੂਨ ਤੋਂ ਰਾਜ ਸਭਾ ਦੇ ਮੈਂਬਰ ਨਹੀਂ ਰਹੇ।” ਇਸ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਚੋਣ ਕਮਿਸ਼ਨ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਇਨ੍ਹਾਂ ਆਸਾਮੀਆਂ ਨੂੰ ਭਰਨ ਵਾਸਤੇ ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰੇਗਾ।