#PUNJAB

ਲੋਕ ਸਭਾ ਚੋਣ: ਜਲੰਧਰ ਸੀਟ ‘ਤੇ ਹੋਵੇਗਾ ਦਿਲਚਸਪ ਮੁਕਾਬਲਾ

ਜਲੰਧਰ, 25 ਮਈ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੰਜਾਬ ਵਿਚ ਪਹਿਲੀ ਜੂਨ ਨੂੰ ਪੈਣੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਜਲੰਧਰ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਰਿਵਾਇਤੀ ਤੌਰ ‘ਤੇ ਕਾਂਗਰਸ ਦਾ ਗੜ੍ਹ ਰਹੀ ਇਸ ਸੀਟ ‘ਤੇ ਇਸ ਵਾਰ ਮੁਕਾਬਲਾ ਪੰਜ ਕੋਣਾ ਹੁੰਦਾ ਜਾਪ ਰਿਹਾ ਹੈ। ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ‘ਆਪ’ ਵੱਲੋਂ ਪਵਨ ਕੁਮਾਰ ਟੀਨੂੰ, ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇ.ਪੀ., ਬਸਪਾ ਵੱਲੋਂ ਬਲਵਿੰਦਰ ਕੁਮਾਰ ਤੇ ਸੀ.ਪੀ.ਐੱਮ. ਵੱਲੋਂ ਪ੍ਰਸ਼ੋਤਮ ਲਾਲ ਬਿਲਗਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਬਜੀਤ ਸਿੰਘ ਖਾਲਸਾ ਸਮੇਤ 20 ਉਮੀਦਵਾਰ ਜਲੰਧਰ ਤੋਂ ਚੋਣ ਲੜ ਰਹੇ ਹਨ।
ਲੋਕ ਸਭਾ ਹਲਕਾ ਜਲੰਧਰ ਤੋਂ ਬਹੁਤੇ ਉਮੀਦਵਾਰ ਅਜਿਹੇ ਹਨ, ਜਿਹੜੇ ਇੱਕ ਪਾਰਟੀ ਛੱਡ ਕੇ ਦੂਜੀ ਅਤੇ ਤੀਜੀ ‘ਚ ਵੀ ਸ਼ਾਮਲ ਹੋਏ ਹਨ। ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ‘ਚ ਪਹਿਲੇ ਸਥਾਨ ‘ਤੇ ਹਨ, ਜਿਨ੍ਹਾਂ ਮੌਜੂਦਾ ਸੰਸਦ ਮੈਂਬਰ ਵਜੋਂ ਟਿਕਟ ਛੱਡ ਕੇ ਪਲਟੀ ਮਾਰੀ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰ ਪਵਨ ਟੀਨੂੰ ਪਹਿਲਾਂ ਵੀ ਇਸ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਅਕਾਲੀ ਦਲ ਤੋਂ ਪਹਿਲਾਂ ਉਹ ਬਸਪਾ ‘ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵੀ ਪਹਿਲਾਂ ਇਸ ਹਲਕੇ ਤੋਂ ਬਤੌਰ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਰ ਇਸ ਵਾਰ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਜਲੰਧਰ ਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ‘ਚ ਹਲਕਾ ਨੰਬਰ 4 ਹੈ। ਜਲੰਧਰ ਲੋਕ ਸਭਾ ਸੀਟ ਅਜਿਹਾ ਹਲਕਾ ਹੈ, ਜਿਸ ਨੂੰ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ‘ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ‘ਤੇ ਨਜ਼ਰ ਆਉਂਦਾ ਹੈ। ਇਸ ਸੀਟ ‘ਤੇ 1999 ਤੋਂ ਬਾਅਦ ਹੁਣ ਤੱਕ ਹੋਈਆਂ 6 ਵਾਰ (ਇਕ ਵਾਰ ਜ਼ਿਮਨੀ ਚੋਣ) ਦੀਆਂ ਲੋਕ ਸਭਾ ਚੋਣਾਂ ‘ਚੋਂ 5 ਵਾਰ ਕਾਂਗਰਸ ਜਿੱਤ ਦਰਜ ਕਰ ਚੁੱਕੀ ਹੈ। ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੀਟ ਕਾਂਗਰਸ ਦੀ ਰਿਵਾਇਤੀ ਸੀਟ ਹੈ।