#PUNJAB

ਲੋਕ ਸਭਾ ਚੋਣਾਂ: 20 ਸਾਲਾਂ ਬਾਅਦ ਢੀਂਡਸਾ ਪਰਿਵਾਰ ਟਿਕਟ ਤੋਂ ਹੋਇਆ ਵਾਂਝਾ

ਸ਼ੇਰਪੁਰ, 15 ਅਪ੍ਰੈਲ (ਪੰਜਾਬ ਮੇਲ)- ਜਿਉਂ-ਜਿਉਂ ਲੋਕ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਸੂਬੇ ‘ਚ ਸਿਆਸੀ ਪਾਰਾ ਵੱਧਦਾ ਜਾ ਰਿਹਾ ਹੈ। ਪੰਜਾਬ ਦੀ ਸਭ ਤੋਂ ਮੱਹਤਵਪੂਰਨ ਮੰਨੀ ਜਾਂਦੀ ਲੋਕ ਸਭਾ ਸੀਟ ਸੰਗਰੂਰ ਤੋਂ ਇਸ ਵਾਰ ਨਵੇ ਤਜ਼ਰਬੇ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਉੱਥੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਟੜ ਵਿਰੋਧੀ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਸਭ ਤੋਂ ਵਧ ਹੈਰਾਨੀ ਉਸ ਸਮੇਂ ਹੋਈ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਸੰਗਰੂਰ ਵਿਚ ਅਹਿਮ ਸਥਾਨ ਰੱਖਣ ਵਾਲੇ ਢੀਂਡਸਾ ਪਰਿਵਾਰ ਦੀ ਟਿਕਟ ਕੱਟ ਕੇ ਨਵੇਂ ਚਿਹਰੇ ਇਕਬਾਲ ਸਿੰਘ ਝੂੰਦਾ ‘ਤੇ ਦਾਅ ਖੇਡਿਆ ਹੈ।
ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚ ਮੁਕੰਮਲ ਏਕਤਾ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕਰੀਬ ਤੈਅ ਮੰਨੀ ਜਾ ਰਹੀ ਸੀ ਪਰ ਇਕਬਾਲ ਸਿੰਘ ਝੂੰਦਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਏ ਜਾਣ ਕਾਰਨ ਸਿਆਸੀ ਹਲਕੇ ਹੈਰਾਨ ਹਨ। ਇਸ ਪਾਸੇ ਜਿੱਥੇ ਇਕਬਾਲ ਸਿੰਘ ਝੂੰਦਾ ਦੇ ਸਮਰਥਕ ਸ਼੍ਰੋਮਣੀ ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਬਾਗੋਬਾਗ਼ ਨਜ਼ਰ ਆ ਰਹੇ ਹਨ, ਉੱਥੇ ਹੀ ਢੀਂਡਸਾ ਸਮਰਥਕ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸੰਗਰੂਰ ਸੰਸਦੀ ਹਲਕੇ ਦੇ ਵੱਖ-ਵੱਖ ਅਸੈਂਬਲੀ ਹਲਕਿਆਂ ਵਿਚ ਪਾਰਟੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਅਕਾਲੀ ਤੇ ਗੈਰ ਅਕਾਲੀ ਹਲਕਿਆਂ ਵਿਚ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਲਗਭਗ ਤੈਅ ਮੰਨੀ ਜਾ ਰਹੀ ਸੀ ਅਤੇ ਢੀਂਡਸਾ ਨੂੰ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ 20 ਸਾਲ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਢੀਂਡਸਾ ਪਰਿਵਾਰ ਹੀ ਚੋਣ ਲੜਦਾ ਆ ਰਿਹਾ ਹੈ। ਸਾਲ 2004 ਵਿਚ ਸੁਖਦੇਵ ਸਿੰਘ ਢੀਂਡਸਾ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਸਾਲ 2009, 2014 ਦੀਆਂ ਚੋਣਾਂ ਵਿਚ ਢੀਂਡਸਾ ਚੋਣ ਹਾਰ ਗਏ। ਇਸ ਤੋਂ ਬਾਅਦ 2019 ਦੀਆਂ ਚੋਣਾਂ ‘ਚ ਪਰਮਿੰਦਰ ਸਿੰਘ ਢੀਂਡਸਾ ਨੇ ਚੋਣ ਲੜੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀ ਮਿਲੀ। ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਦਾ ਪਹਿਲਾ ਭਾਜਪਾ ਨਾਲ ਸਮਝੌਤਾ ਸੀ, ਅਕਾਲੀ ਦਲ ਵਿਚ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇ ਭਰੋਸੇ ਤੋਂ ਬਾਅਦ ਹੀ ਆਪਣੀ ਪਾਰਟੀ ਦਾ ਰਲੇਵਾਂ ਅਕਾਲੀ ਦਲ ਵਿਚ ਕੀਤਾ ਸੀ ਪਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਵਿਚ ਸਿਆਸੀ ਘੁੰਮਣਘੇਰੀ ਵਿਚ ਫਸ ਗਏ ਕਿਉਂਕਿ ਇਕਬਾਲ ਸਿੰਘ ਝੂੰਦਾ ਢੀਂਡਸਾ ਪਰਿਵਾਰ ਦੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਸਨ ਅਤੇ ਝੂੰਦਾ ਨੇ ਪਹਿਲਾਂ ਹੀ ਟਿਕਟ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਸੀ।
ਦੂਜੇ ਪਾਸੇ ਢੀਂਡਸਾ ਪਰਿਵਾਰ ਨੂੰ ਭਰੋਸਾ ਸੀ ਕਿ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋਵੇਗਾ ਪਰ ਕਿਸਾਨੀ ਅੰਦੋਲਨ ਕਾਰਨ ਇਹ ਗਠਜੋੜ ਸਿਰੇ ਨਹੀ ਚੜ੍ਹ ਸਕਿਆ। ਜ਼ਿਕਰਯੋਗ ਹੈ ਕਿ ਭਾਜਪਾ ਨੇ ਹਾਲੇ ਤੱਕ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣਾ ਉਮੀਦਵਾਰ ਨਹੀ ਐਲਾਨਿਆ ਅਤੇ ਹੁਣ ਦੇਖਣਾ ਹੋਵੇਗਾ ਕਿ ਢੀਂਡਸਾ ਪਰਿਵਾਰ ਕੀ ਫ਼ੈਸਲਾ ਲੈਦਾ ਹੈ, ਕਿਉਂਕਿ ਇੱਕ ਵਾਰ ਸੁਖਬੀਰ ਬਾਦਲ ਦੇ ਇਸ ਫ਼ੈਸਲੇ ਨਾਲ ਢੀਂਡਸਾ ਪਰਿਵਾਰ ਸਿਆਸੀ ਹਾਸ਼ੀਏ ‘ਤੇ ਚਲਾ ਗਿਆ ਹੈ।