#INDIA

ਲੋਕ ਸਭਾ ਚੋਣਾਂ 16 ਅਪਰੈਲ ਤੋਂ!

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਜਾਰੀ ਸਰਕੁਲਰ ਵਾਇਰਲ ਹੋਣ ਨਾਲ ਛਿੜੀ ਚਰਚਾ
* ਤਰੀਕ ਸਿਰਫ਼ ‘ਹਵਾਲੇ’ ਅਤੇ ਚੋਣ ਪਲਾਨਰ ਵਿਚ ਚੋਣਾਂ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ: ਚੋਣ ਦਫ਼ਤਰ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ’ਜ਼) ਨੂੰ ਭੇਜੇ ਸਰਕੁਲਰ ਨੇ ਲੋਕ ਸਭਾ ਚੋਣਾਂ ਦੀ ਤਰੀਕ ਬਾਰੇ ਚੁੰਝ-ਚਰਚਾ ਛੇੜ ਦਿੱਤੀ ਹੈ। ਸਰਕੁਲਰ ਦੀ ਵਾਇਰਲ ਹੋਈ ਕਾਪੀ ਵਿਚ ਲੋਕ ਸਭਾ ਚੋਣਾਂ ਸ਼ੁਰੂ ਹੋਣ ਦੀ ਸੰਭਾਵੀ ਤਰੀਕ 16 ਅਪ੍ਰੈਲ 2024 ਦਰਸਾਈ ਗਈ ਹੈ। ਹਾਲਾਂਕਿ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਐਕਸ ਉੱਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਸਪੱਸ਼ਟ ਕੀਤਾ ਕਿ ਇਹ ਤਰੀਕ ਸਿਰਫ਼ ‘ਹਵਾਲੇ’ ਅਤੇ ਚੋਣ ਪਲਾਨਰ ਵਿਚ ਚੋਣਾਂ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ ਹੈ।
ਸੀ.ਈ.ਓ. ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਜਾਰੀ ਚੋਣ ਪਲਾਨਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਆਮ ਚੋਣਾਂ ਤੋਂ ਪਹਿਲਾਂ ਕਈ ਸਰਗਰਮੀਆਂ ਦੀ ਤਫ਼ਸੀਲ ਦੇ ਨਾਲ ਹਰੇਕ ਸਰਗਰਮੀ ਸ਼ੁਰੂ ਤੇ ਖ਼ਤਮ ਹੋਣ ਲਈ ਟਾਈਮਲਾਈਨ ‘ਤੇ ਅਰਸੇ ਦਾ ਬਿਊਰਾ ਦਿੱਤਾ ਗਿਆ ਹੈ। ਸਰਕੁਲਰ ‘ਚ ਲਿਖਿਐ, ”ਆਗਾਮੀ ਲੋਕ ਸਭਾ ਚੋਣਾਂ ਲਈ ਕਮਿਸ਼ਨ ਨੇ ਹਵਾਲੇ ਤੇ ਚੋਣ ਪਲਾਨਰ ਲਈ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ 16/4/2024 ਦੀ ਸੰਭਾਵੀ ਤਰੀਕ ਦਿੱਤੀ ਹੈ।” ਦਿੱਲੀ ਸੀ.ਈ.ਓ. ਦਫ਼ਤਰ ਨੇ ਜਾਰੀ ਇਕ ਬਿਆਨ ‘ਚ ਸਪੱਸ਼ਟ ਕੀਤਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ”ਚੋਣਾਂ ਨੂੰ ਲੈ ਕੇ ਵੱਡੀ ਗਿਣਤੀ ਸਰਗਰਮੀਆਂ ਵਿਉਂਤਣ ਤੇ ਇਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੈ।” ਬਿਆਨ ਵਿਚ ਕਿਹਾ ਗਿਆ, ”ਈ.ਸੀ.ਆਈ. ਪਲਾਨਰ ਵਿਚ ਅਜਿਹੀਆਂ ਸਾਰੀਆਂ ਅਹਿਮ ਸਰਗਰਮੀਆਂ ਸੂਚੀਬੱਧ ਹੁੰਦੀਆਂ ਹਨ ਤੇ ਇਕ ਕਲਪਿਤ ਚੋਣ ਤਰੀਕ ਦੇ ਹਵਾਲੇ ਨਾਲ ਸਰਗਰਮੀਆਂ ਸ਼ੁਰੂ ਤੇ ਖ਼ਤਮ/ਮੁਕੰਮਲ ਹੋਣ ਦੀ ਤਰੀਕ ਦੱਸੀ ਜਾਂਦੀ ਹੈ।” ਲਿਹਾਜ਼ਾ ਸਰਕੁਲਰ ਵਿਚ ਜਿਸ ਸੰਭਾਵੀ ਤਰੀਕ ਦਾ ਜ਼ਿਕਰ ਕੀਤਾ ਗਿਆ ਹੈ, ਉਹ ਚੋਣ ਅਧਿਕਾਰੀਆਂ ਲਈ ‘ਸਿਰਫ਼ ਹਵਾਲੇ ਦੇ ਮੰਤਵ’ ਵਾਸਤੇ ਹੈ ਤੇ ‘ਇਸ ਦਾ ਅਸਲ ਤਜਵੀਜ਼ਤ ਚੋਣ ਸ਼ਡਿਊਲ ‘ਤੇ ਕੋਈ ਅਸਰ ਨਹੀਂ ਪਏਗਾ’ ਜਿਸ ਦਾ ਭਾਰਤੀ ਚੋਣ ਕਮਿਸ਼ਨ ਵੱਲੋਂ ਢੁੱਕਵੇਂ ਸਮੇਂ ‘ਤੇ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਹਾਲ ਹੀ ਵਿਚ ਉਪਰੋਕਤ ਸਰਗਰਮੀਆਂ ਦੀ ਲੜੀ ਵਿਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮਜ਼) ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਮ ਕਰਕੇ ਸੂਬਾਈ ਮੁੱਖ ਚੋਣ ਅਧਿਕਾਰੀ ਨੇ ਚੋਣਾਂ ਦੇ ਐਲਾਨ ਤੋਂ ਲਗਪਗ ਤਿੰਨ ਮਹੀਨੇ ਪਹਿਲਾਂ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨੀਆਂ ਹੁੰਦੀਆਂ ਹਨ। ਇਸ ਮੰਤਵ ਲਈ ਪਿਛਲੀਆਂ ਚੋਣਾਂ ਦੇ ਐਲਾਨ ਦੀ ਮਿਤੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਾਲ 2019 ਵਿਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਤੇ ਉਦੋਂ 11 ਅਪਰੈਲ ਤੋਂ 19 ਮਈ ਤੱਕ ਸੱਤ ਗੇੜਾਂ ਵਿਚ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ।