#PUNJAB

ਲੋਕ ਸਭਾ ਚੋਣਾਂ: ਸੰਗਰੂਰ ‘ਚ ਸਿਆਸੀ ਵੱਕਾਰ ਹਾਸਲ ਕਰਨ ‘ਚ ਜੁਟੀਆਂ ਸਿਆਸੀ ਧਿਰਾਂ

ਸੰਗਰੂਰ, 29 ਮਈ (ਪੰਜਾਬ ਮੇਲ)- ਸੰਗਰੂਰ ਸੰਸਦੀ ਹਲਕੇ ਤੋਂ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਸਣੇ ਕੁੱਲ 23 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਹਲਕੇ ਦੀ ਚੋਣ ‘ਚ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸੰਗਰੂਰ ਸੰਸਦੀ ਹਲਕੇ ਨੂੰ ਆਪਣੀ ਰਾਜਧਾਨੀ ਮੰਨਦੀ ਹੈ ਕਿਉਂਕਿ 2014 ਅਤੇ 2019 ‘ਚ ਭਗਵੰਤ ਮਾਨ ਇੱਥੋਂ ਵੱਡੀ ਲੀਡ ਨਾਲ ਜਿੱਤੇ ਸਨ। ਮਗਰੋਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਕੁੱਝ ਮਹੀਨਿਆਂ ਬਾਅਦ ਹੀ ‘ਆਪ’ ਨੂੰ 2022 ਦੀ ਜ਼ਿਮਨੀ ਚੋਣ ‘ਚ ਹਾਰ ਦਾ ਮੂੰਹ ਵੇਖਣਾ ਪਿਆ। ਜ਼ਿਲ੍ਹਾ ਸੰਗਰੂਰ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ, ਉਥੇ ਤਿੰਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਵੀ ਇਸ ਹਲਕੇ ਨਾਲ ਸਬੰਧਤ ਹਨ। ‘ਆਪ’ ਦਾ ਮੌਜੂਦਾ ਸਮੇਂ ਸੰਗਰੂਰ ਸੰਸਦੀ ਹਲਕੇ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ‘ਤੇ ਕਬਜ਼ਾ ਹੈ। 2022 ਦੀ ਜ਼ਿਮਨੀ ਚੋਣ ‘ਚ ਹਾਰ ਦਾ ਦਾਗ ਧੋਣ ਲਈ ‘ਆਪ’ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਪਾਰਟੀ ਉਮੀਦਵਾਰ ਮੀਤ ਹੇਅਰ ਨੇ ਚੋਣ ਮੁਹਿੰਮ ਨੂੰ ਸਿਖਰ ‘ਤੇ ਪਹੁੰਚਾ ਰੱਖਿਆ ਹੈ। ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਉਮੀਦਵਾਰ ਹਨ। ਖਹਿਰਾ ਆਪਣੇ ‘ਤੇ ਦਰਜ ਪੁਲਿਸ ਕੇਸਾਂ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ ਇਨ੍ਹਾਂ ਕੇਸਾਂ ਕਾਰਨ ਹੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਭੇਜਿਆ ਹੈ। ਇਹ ਚੋਣ ਖਹਿਰਾ ਦੇ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਿਆਸੀ ਕੁੜੱਤਣ ਕਾਰਨ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਸੀਟ ਤੋਂ ਤੀਜੀ ਜਿੱਤ ਪ੍ਰਾਪਤ ਕਰਨ ਲਈ ਪੂਰੀ ਵਾਹ ਲਗਾ ਰੱਖੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇੱਥੋਂ 1999 ਅਤੇ 2022 ‘ਚ ਚੋਣ ਜਿੱਤੀ ਸੀ।
ਭਾਜਪਾ ਉਮੀਦਵਾਰ ਅਰਵਿੰਦ ਖੰਨਾ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਚੋਣ ਮੁਹਿੰਮ ‘ਚ ਜੁਟੇ ਹੋਏ ਹਨ, ਜਿਨ੍ਹਾਂ ਨੂੰ ਸ਼ਹਿਰੀ ਖੇਤਰ ਦੇ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼੍ਰੀ ਖੰਨਾ ਰਾਮ ਮੰਦਰ ਦੀ ਗੱਲ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਵੋਟਰਾਂ ਅੱਗੇ ਰੱਖ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਵੀ ਪੂਰੀ ਸਰਗਰਮੀ ਨਾਲ ਚੋਣ ਮੁਹਿੰਮ ‘ਚ ਜੁਟੇ ਹੋਏ ਹਨ ਪਰ ਪਾਰਟੀ ਉਮੀਦਵਾਰ ਨੂੰ ਚੋਣ ਮੈਦਾਨ ‘ਚ ਢੀਂਡਸਾ ਪਰਿਵਾਰ ਦੀ ਗੈਰਹਾਜ਼ਰੀ ਰੜਕ ਰਹੀ ਹੈ।