#PUNJAB

ਲੋਕ ਸਭਾ ਚੋਣਾਂ : ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ, 8 ਵਜੇ ਸ਼ੁਰੂ ਹੋਵੇਗੀ ਗਿਣਤੀ

ਮੋਗਾ, 3 ਜੂਨ (ਪੰਜਾਬ ਮੇਲ)- ਲੋਕ ਸਭਾ ਚੋਣਾਂ-2024 ਤਹਿਤ ਹਲਕਾ ਫਰੀਦਕੋਟ ਅਧੀਨ ਪੈਂਦੇ ਜ਼ਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਮਿਤੀ 4 ਜੂਨ ਦਿਨ ਮੰਗਲਵਾਰ ਨੂੰ ਸਥਾਨਕ ਆਈ.ਟੀ. ਆਈ, ਮੋਗਾ ਵਿਖੇ ਕੀਤੀ ਜਾਣੀ ਹੈ। ਗਿਣਤੀ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਸਮੂਹ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਿਤ ਚੋਣ ਏਜੰਟਾਂ ਦੀ ਹਾਜ਼ਰੀ ‘ਚ ਸਟਰਾਂਗ ਰੂਮ ਖੋਲ੍ਹੇ ਜਾਣਗੇ। ਸਭ ਤੋਂ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਬਿਜਲਈ ਵੋਟਿੰਗ ਮਸ਼ੀਨਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਨਤੀਜੇ ਦੁਪਹਿਰ 12 ਵਜੇ ਤੱਕ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਰੇ 4 ਹਲਕਿਆਂ ਲਈ ਪ੍ਰਤੀ ਹਲਕਾ 51 ਦੇ ਹਿਸਾਬ ਨਾਲ ਕੁੱਲ 204 ਗਿਣਤੀ ਸਟਾਫ ਦਿੱਤਾ ਗਿਆ ਹੈ। ਹਰ ਹਲਕੇ ‘ਚ 14-14 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 3-3 ਵਾਧੂ ਰਿਜ਼ਰਵ ਟੀਮਾਂ ਦਿੱਤੀਆਂ ਗਈਆਂ ਹਨ। ਇਕ ਟੀਮ ਵਿਚ ਇਕ ਮਾਈਕਰੋ ਆਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜ਼ਰ, ਇੱਕ ਸਹਾਇਕ ਕਾਊਂਟਿੰਗ ਸੁਪਰਵਾਈਜ਼ਰ ਲਗਾਏ ਗਏ ਹਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਐਂਟਰੀ ਲਈ ਸਿਰਫ ਮੁੱਖ ਗੇਟ ਦੀ ਹੀ ਵਰਤੋਂ ਕੀਤੀ ਜਾ ਸਕੇਗੀ। ਮੀਡੀਆ ਕਰਮੀਆਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। ਗਿਣਤੀ ਕੇਂਦਰਾਂ ਵਿਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਨ੍ਹਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ।
ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਹ ਗਿਣਤੀ ਤਿੰਨ ਧਾਰੀ ਸੁਰੱਖਿਆ ਛੱਤਰੀ ‘ਚ ਹੋਵੇਗੀ। ਪੁਲਿਸ ਪ੍ਰਸ਼ਾਸਨ ਇਸ ਗਿਣਤੀ ਨੂੰ ਅਮਨ, ਅਮਾਨ ਅਤੇ ਪਾਰਦਰਸ਼ਤਾ ਨਾਲ ਕਰਾਉਣ ਲਈ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਬੰਧਾਂ ਵਿਚ ਪੁਲਿਸ ਪ੍ਰਸਾਸ਼ਨ ਵੱਲੋਂ 2 ਐੱਸ.ਪੀ. ਪੱਧਰ ਦੇ ਅਫ਼ਸਰ, 11 ਡੀ.ਐੱਸ.ਪੀ. ਪੱਧਰ ਦੇ ਅਫ਼ਸਰ, ਇਸ ਤੋਂ ਇਲਾਵਾ ਹੇਠਲੇ ਪੱਧਰ ਦੀ ਕੁੱਲ 460 ਨਫਰੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ 8 ਨਾਕੇ ਲਗਾਏ ਜਾਣਗੇ, ਜਦਕਿ 6 ਪੈਟਰੋਲਿੰਗ ਪਾਰਟੀਆਂ ਲਗਾਤਾਰ ਗਸ਼ਤ ਕਰਦੀਆਂ ਰਹਿਣਗੀਆਂ। ਇਸ ਤੋਂ ਇਲਾਵਾ 5 ਰਿਜ਼ਰਵ ਫੋਰਸ ਟੀਮਾਂ ਵੀ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਕੋਟਕਪੂਰਾ ਬਾਈਪਾਸ ਅਤੇ ਰੈਸਟ ਹਾਊਸ ਵਿਖੇ ਪਾਰਕਿੰਗ ਹੋਵੇਗੀ, ਜਦਕਿ ਮੀਡੀਆ ਦੀ ਪਾਰਕਿੰਗ ਆਈ.ਟੀ.ਆਈ. ਦੇ ਅੰਦਰ ਹੀ ਰੱਖੀ ਗਈ ਹੈ।