#INDIA

ਲੋਕ ਸਭਾ ਚੋਣਾਂ: ਮੱਧ ਪ੍ਰਦੇਸ਼ ‘ਚ 85 ਸਾਲ ਤੋਂ ਵੱਧ ਉਮਰ ਦੇ 2,89,503 ਬਜ਼ੁਰਗ ਘਰੋਂ ਪਾ ਸਕਣਗੇ ਵੋਟ

ਭੋਪਾਲ, 20 ਮਾਰਚ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਮੰਗਲਵਾਰ ਨੂੰ ਕਿਹਾ ਕਿ 85 ਸਾਲ ਤੋਂ ਵੱਧ ਉਮਰ ਦੇ ਲੋਕਾਂ ਕੋਲ ਹੁਣ ਘਰ ਬੈਠੇ ਹੀ ਆਪਣੀ ਵੋਟ ਪਾਉਣ ਦਾ ਵਿਕਲਪ ਹੋਵੇਗਾ। ਵੋਟਾਂ ਦੀ ਗਿਣਤੀ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ, ”ਮੱਧ ਪ੍ਰਦੇਸ਼ ਵਿੱਚ ਕੁੱਲ ਵੋਟਰਾਂ ਦੀ ਗਿਣਤੀ 5,64,76,110 ਹੈ, ਜਿਸ ਵਿਚ 2.90 ਕਰੋੜ ਪੁਰਸ਼ ਅਤੇ 2.74 ਕਰੋੜ ਔਰਤਾਂ ਸ਼ਾਮਲ ਹਨ।” ਉਥੇ ਹੀ 18 ਤੋਂ 19 ਉਮਰ ਸਮੂਹ ਵਿਚ ਨਵੇਂ ਵੋਟਰਾਂ ਦੀ ਗਿਣਤੀ 16,49,641, ਜਦੋਂਕਿ ਸੂਬੇ ਵਿਚ 85 ਸਾਲ ਤੋਂ ਵੱਧ ਉਮਰ ਦੇ 2,89,503 ਵੋਟਰ ਹਨ।
ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿਚ ਨਾਮ ਸ਼ਾਮਲ ਕਰਨ ਦਾ ਕੰਮ ਨਾਮਜ਼ਦਗੀ ਭਰਨ ਤੋਂ 10 ਦਿਨ ਪਹਿਲਾਂ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ, ਚੋਣ ਕਮਿਸ਼ਨ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ ‘ਘਰ-ਘਰ ਵੋਟ’ ਸਹੂਲਤ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ ਕਿਹਾ ਕਿ 85 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ 40 ਫੀਸਦੀ ਬੈਂਚਮਾਰਕ ਦਿਵਿਆਂਗ ਵਿਅਕਤੀ ਘਰ ਬੈਠੇ ਹੀ ਵੋਟ ਪਾ ਸਕਦੇ ਹਨ।
ਕਮਿਸ਼ਨ ਨੇ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਵਲੰਟੀਅਰ ਅਤੇ ਵ੍ਹੀਲਚੇਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਦਿਵਿਆਂਗ ਵਿਅਕਤੀਆਂ ਅਤੇ ਬਜ਼ੁਰਗਾਂ ਲਈ ਆਵਾਜਾਈ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਕਾਨੂੰਨ ਵਿਵਸਥਾ ‘ਤੇ ਗੱਲ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਕਿਹਾ ਕਿ ਹੁਣ ਤੱਕ 1.25 ਲੱਖ ਹਥਿਆਰ ਜਮ੍ਹਾ ਕੀਤੇ ਗਏ ਹਨ ਅਤੇ 152 ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬੇ ਭਰ ‘ਚ 500 ਤੋਂ ਵੱਧ ਨਾਕਿਆਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ”50 ਫੀਸਦੀ ਤੋਂ ਵੱਧ ਪੋਲਿੰਗ ਸਟੇਸ਼ਨਾਂ ‘ਤੇ ਲਾਈਵ ਸਟ੍ਰੀਮਿੰਗ ਹੋਵੇਗੀ। ਈ.ਵੀ.ਐੱਮ. ਮਸ਼ੀਨਾਂ ਨੂੰ ਲਿਜਾਣ ਵਾਲੇ ਸਾਰੇ ਵਾਹਨਾਂ ਵਿਚ ਜੀ.ਪੀ.ਐੱਸ. ਲਗਾਏ ਜਾਣਗੇ ਅਤੇ 5.5 ਲੱਖ ਕਰਮਚਾਰੀ ਚੋਣ ਡਿਊਟੀ ‘ਤੇ ਲਗਾਏ ਜਾਣਗੇ। ਜਿੱਥੋਂ ਤੱਕ ਪਿੰਕ ਪੋਲਿੰਗ ਬੂਥਾਂ ਦੀ ਗੱਲ ਹੈ, ਤਾਂ 3500 ਪੋਲਿੰਗ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 64,503 ਹੈ। ਮੱਧ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਚਾਰ ਪੜਾਵਾਂ ਵਿਚ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ ਅਤੇ ਸੂਬੇ ‘ਚ ਆਖਰੀ ਪੜਾਅ ਲਈ 15 ਮਈ ਨੂੰ ਵੋਟਾਂ ਪੈਣਗੀਆਂ। ਭੋਪਾਲ ਵਿਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚ ਵੋਟਿੰਗ ਹੋਵੇਗੀ।