#PUNJAB

ਲੋਕ ਸਭਾ ਚੋਣਾਂ: ਭਾਜਪਾ ਨੇ ਪੁਰਾਣੇ ਕੱਦਾਵਰਾਂ ਨੂੰ ਅਹਿਮ ਜ਼ਿੰਮੇਵਾਰੀ ਦੇ ਕੇ ਮੈਦਾਨ ‘ਚ ਉਤਾਰਿਆ

ਜਲੰਧਰ, 4 ਮਈ (ਪੰਜਾਬ ਮੇਲ)- ਭਾਜਪਾ ਨੇ ਪੰਜਾਬ ਅੰਦਰ ਲੋਕ ਸਭਾ ਚੋਣਾਂ ‘ਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਪੁਰਾਣੇ ਕੱਦਾਵਰਾਂ ਨੂੰ ਵੀ ਮੈਦਾਨ ‘ਚ ਉਤਾਰ ਦਿੱਤਾ ਹੈ। ਭਾਜਪਾ ਨੇ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ, ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਇੰਚਾਰਜ ਵਿਜੇ ਰੁਪਾਨੀ ਵੱਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਦਾ ਇੰਚਾਰਜ, ਸਾਬਕਾ ਮੇਅਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ ਕਨਵੀਨਰ, ਰਾਜਬੀਰ ਸ਼ਰਮਾ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਕੋ-ਕਨਵੀਨਰ, ਸਾਬਕਾ ਮੰਤਰੀ ਵਿਜੇ ਸਾਂਪਲਾ ਨੂੰ ਲੁਧਿਆਣਾ ਸੰਸਦੀ ਹਲਕੇ ਦਾ ਇੰਚਾਰਜ, ਇੰਦਰ ਇਕਬਾਲ ਸਿੰਘ ਅਟਵਾਲ ਅਤੇ ਜਤਿੰਦਰ ਮਿਸ਼ਰਾ ਨੂੰ ਕਨਵੀਨਰ, ਜਲੰਧਰ ਦੀ ਕਮਾਨ ਸਾਬਕਾ ਸੀ.ਪੀ. ਐੱਸ. ਕੇ.ਡੀ. ਭੰਡਾਰੀ, ਜਦੋਂਕਿ ਅਵਿਨਾਸ਼ ਚੰਦਰ ਨੂੰ ਕਨਵੀਨਰ ਅਤੇ ਪੁਨੀਤ ਸ਼ੁਕਲਾ ਭਾਰਤੀ ਨੂੰ ਕੋ-ਕਨਵੀਨਰ, ਫਿਰੋਜ਼ਪੁਰ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਇੰਚਾਰਜ, ਵਿਸ਼ਨੂੰ ਭਗਵਾਨ ਨੂੰ ਕਨਵੀਨਰ ਤੇ ਅਨਿਲ ਵਲੇਚਾ ਨੂੰ ਕੋ-ਕਨਵੀਨਰ, ਬਠਿੰਡਾ ਵਿਚ ਦਿਆਲ ਸੋਢੀ ਨੂੰ ਇੰਚਾਰਜ, ਸ਼ਿਵਰਾਜ ਚੌਧਰੀ ਨੂੰ ਕਨਵੀਨਰ, ਗੁਰਦਾਸਪੁਰ ਵਿਚ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਇੰਚਾਰਜ, ਰਾਜਿੰਦਰ ਬਿੱਟਾ ਨੂੰ ਕਨਵੀਨਰ ਅਤੇ ਰਾਕੇਸ਼ ਸ਼ਰਮਾ, ਅਸ਼ਵਨੀ ਸੇਖੜੀ ਤੇ ਫਤਿਹਜੰਗ ਸਿੰਘ ਬਾਜਵਾ ਨੂੰ ਕੋ-ਕਨਵੀਨਰ, ਫਰੀਦਕੋਟ ਵਿਚ ਹਰਜੋਤ ਕਮਲ ਨੂੰ ਇੰਚਾਰਜ, ਵਿਜੇ ਸ਼ਰਮਾ ਨੂੰ ਕਨਵੀਨਰ, ਪਟਿਆਲਾ ‘ਚ ਅਨਿਲ ਸਰੀਨ ਨੂੰ ਇੰਚਾਰਜ, ਬਲਵੰਤ ਰਾਏ ਨੂੰ ਕਨਵੀਨਰ, ਸ੍ਰੀ ਅਨੰਦਪੁਰ ਸਾਹਿਬ ਵਿਚ ਪਰਮਿੰਦਰ ਸਿੰਘ ਬਰਾੜ ਨੂੰ ਇੰਚਾਰਜ, ਹੁਸ਼ਿਆਰਪੁਰ ਵਿਚ ਪ੍ਰਵੀਨ ਬਾਂਸਲ ਨੂੰ ਇੰਚਾਰਜ ਅਤੇ ਸ਼ਿਵ ਸੂਦ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਉਕਤ ਸੂਚੀ ‘ਚ ਵਧੇਰੇ ਉਨ੍ਹਾਂ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਚੱਲ ਰਿਹਾ ਸੀ। ਇੰਚਾਰਜਾਂ ‘ਚ ਵਧੇਰੇ ਅਜਿਹੇ ਆਗੂ ਹਨ, ਜੋ ਖੁਦ ਲੋਕ ਸਭਾ ਚੋਣ ਲੜਨ ਦੇ ਇੱਛੁਕ ਸਨ ਅਤੇ ਲੰਮੇ ਸਮੇਂ ਤੋਂ ਆਪਣੇ-ਆਪਣੇ ਇੱਛੁਕ ਹਲਕਿਆਂ ‘ਚ ਆਪਣੇ ਪੱਧਰ ‘ਤੇ ਤਿਆਰੀਆਂ ਵੀ ਕਰ ਰਹੇ ਸਨ।