#PUNJAB

ਲੋਕ ਸਭਾ ਚੋਣਾਂ: ਪਟਿਆਲਾ ਸੀਟ ‘ਤੇ ਸਭ ਤੋਂ ਵਧ ਰਿਹੈ Congress ਦਾ ਕਬਜ਼ਾ

ਪਟਿਆਲਾ, 21 ਮਾਰਚ (ਪੰਜਾਬ ਮੇਲ)- ਪਟਿਆਲਾ ਲੋਕ ਸਭਾ ਸੀਟ 1952 ਵਿਚ ਹੋਂਦ ਵਿਚ ਆਈ ਸੀ। ਇਸ ਸੀਟ ‘ਤੇ ਸਭ ਤੋਂ ਵੱਧ ਕਾਂਗਰਸ ਦਾ ਹੀ ਕਬਜ਼ਾ ਰਿਹਾ। ਪਹਿਲਾਂ ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਆਹਮੋ-ਸਾਹਮਣੇ ਟੱਕਰ ਹੁੰਦੀ ਰਹੀ। ਇਸ ਦੋ ਧਿਰੀ ਮੁਕਾਬਲੇ ਦੀ ਰਵਾਇਤ ਆਮ ਆਦਮੀ ਪਾਰਟੀ ਨੇ 2014 ਵਿਚ ਤੋੜੀ ਸੀ, ਜਦੋਂ ਡਾ. ਧਰਮਵੀਰ ਗਾਂਧੀ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਵੀ ਮੁਕਾਬਲਾ ਤਿਕੋਣਾ ਹੋਵੇਗਾ। ਜਾਣਕਾਰੀ ਅਨੁਸਾਰ 1952 ਤੋਂ 1971 ਤੱਕ ਲਗਾਤਾਰ ਇਸ ਸੀਟ ‘ਤੇ ਕਾਂਗਰਸ ਕਾਬਜ਼ ਰਹੀ, ਜਿਨ੍ਹਾਂ ਵਿਚ ਰਾਮ ਪ੍ਰਤਾਪ ਗਰਗ (1952), ਲਾਲਾ ਅਚਿੰਤ ਰਾਮ (1957), ਸਰਦਾਰ ਹੁਕਮ ਚੰਦ (1962), ਮਹਾਰਾਣੀ ਮਹਿੰਦਰ ਕੌਰ (ਕੈਪਟਨ ਅਮਰਿੰਦਰ ਦੇ ਮਾਤਾ ਜੀ) (1967), ਸਤਪਾਲ ਕਪੂਰ (1971) ਵਿਚ ਕਾਬਜ਼ ਰਹੇ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਚਰਨ ਸਿੰਘ ਟੌਹੜਾ (1977) ਵਿਚ ਜਿੱਤੇ, 1980 ਵਿਚ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣ ਜਿੱਤੀ। 1984 ਵਿਚ ਅਕਾਲੀ ਦਲ ਦੇ ਚਰਨਜੀਤ ਸਿੰਘ ਵਾਲੀਆ ਜੇਤੂ ਰਹੇ। 1989 ਵਿਚ ਅਤਿੰਦਰਪਾਲ ਸਿੰਘ ਨੇ ਆਜ਼ਾਦ ਉਮੀਦਾਰ ਵਜੋਂ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ। ਉਸ ਤੋਂ ਬਾਅਦ 1991 ਵਿਚ ਕਾਂਗਰਸ ਦੇ ਸੰਤ ਰਾਮ ਸਿੰਗਲਾ ਨੇ ਚੋਣ ਜਿੱਤੀ। 1996 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਰਹੇ। 1999 ਤੋਂ 2009 ਤੱਕ ਪ੍ਰਨੀਤ ਕੌਰ ਚੋਣ ਜਿੱਤਦੇ ਰਹੇ। 2014 ‘ਆਪ’ ਵੱਲੋਂ ਡਾ. ਧਰਮਵੀਰ ਗਾਂਧੀ ਚੋਣ ਜਿੱਤੇ, ਪਰ 2019 ਵਿਚ ਫੇਰ ਕਾਂਗਰਸ ਵੱਲੋਂ ਬੀਬੀ ਪ੍ਰਨੀਤ ਕੌਰ ਨੇ ਚੋਣ ਜਿੱਤ ਕੇ ਇਤਿਹਾਸ ਸਿਰਜਿਆ।
ਪਟਿਆਲਾ ਲੋਕ ਸਭਾ ਹਲਕੇ ਤੋਂ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਪਟਿਆਲਾ ਸ਼ਹਿਰ, ਅਜਿਹਾ ਵਿਧਾਨ ਸਭਾ ਹਲਕਾ ਹੈ, ਜਿੱਥੋਂ ਲੋਕ ਸਭਾ ਦੀਆਂ ਹੁਣ ਤੱਕ ਹੋਈਆਂ 17 ਚੋਣਾਂ ਦੌਰਾਨ ਸਿਰਫ਼ ਇਕ ਵਾਰ ਹੀ ਅਕਾਲੀਆਂ ਦੀਆਂ ਵੋਟਾਂ ਵਧੀਆਂ ਹਨ। ਇਹ ਭਾਣਾ 1977 ‘ਚ ਵਾਪਰਿਆ। ਉਦੋਂ ਪਟਿਆਲਾ ਤੋਂ ਗੁਰਚਰਨ ਸਿੰਘ ਟੌਹੜਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਲੱਖ ਵੋਟਾਂ ਨਾਲ ਹਰਾਅ ਕੇ ਅਕਾਲੀ ਦਲ ਦੇ ਐੱਮ. ਪੀ ਬਣੇ ਸਨ। ਉਦੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀਆਂ ਲੱਗਭਗ 500 ਵੋਟਾਂ ਵਧੀਆਂ ਸਨ। 1975 ਵਿਚ ਲੱਗੀ ਐਮਰਜੈਂਸੀ ਕਾਰਨ ਉਦੋਂ ਕਾਂਗਰਸ ਵਿਰੋਧੀ ਲਹਿਰ ਸੀ। ਇਸ ਤੋਂ ਬਾਅਦ ਇਸ ਸ਼ਹਿਰ ਤੋਂ ਅਕਾਲੀਆਂ ਦੀਆਂ ਵੋਟਾਂ ਕਦੇ ਨਹੀਂ ਵਧੀਆਂ। ਉਂਜ ਸ਼੍ਰੀ ਟੌਹੜਾ ਤੋਂ ਬਾਅਦ ਵੀ ਕਈ ਵਾਰ ਇਥੋਂ ਅਕਾਲੀ ਦਲ ਦੇ ਐੱਮ.ਪੀ. ਬਣੇ ਹਨ। ਪਰ ਪਟਿਆਲਾ ਸ਼ਹਿਰ ਅਕਾਲੀ ਦਲ ਦੇ ਹੱਕ ‘ਚ ਨਹੀਂ ਭੁਗਤਿਆ।