#INDIA

ਲੋਕ ਸਭਾ ਚੋਣਾਂ ਦੇ ਦੂਜੇ ਗੇੜ ‘ਚ 13 ਰਾਜਾਂ ਦੀਆਂ 89 ਸੀਟਾਂ ‘ਤੇ ਸ਼ੁੱਕਰਵਾਰ ਨੂੰ ਹੋਵੇਗੀ Voting

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਸ਼ੁੱਕਰਵਾਰ ਨੂੰ 13 ਸੂਬਿਆਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ਵਿਚ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਵੀ ਸ਼ਾਮਲ ਹੈ, ਜਿੱਥੋਂ ਕਾਂਗਰਸ ਆਗੂ ਰਾਹੁਲ ਗਾਂਧੀ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ। ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ‘ਚੋਂ 14, ਰਾਜਸਥਾਨ ‘ਚ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ ਸੱਤ ਸੀਟਾਂ, ਅਸਾਮ ਅਤੇ ਬਿਹਾਰ ਦੀਆਂ ਪੰਜ-ਪੰਜ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ 3-3, ਮਨੀਪੁਰ, ਤ੍ਰਿਪੁਰਾ ਅਤੇ ਜੰਮੂ-ਕਸ਼ਮੀਰ ਦੀ ਇੱਕ-ਇੱਕ ਸੀਟ ‘ਤੇ ਚੋਣ ਹੋਵੇਗੀ। ਦੂਜੇ ਪੜਾਅ ਵਿਚ ਕੁੱਲ 1206 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ‘ਆਊਟਰ’ ਮਨੀਪੁਰ ਹਲਕੇ ਤੋਂ ਚਾਰ ਉਮੀਦਵਾਰ ਸ਼ਾਮਲ ਹਨ। ਦੂਜੇ ਪੜਾਅ ਦੀ ਮੁਹਿੰਮ ਬੁੱਧਵਾਰ ਸ਼ਾਮ ਨੂੰ ਖਤਮ ਹੋ ਗਈ। ਕਾਂਗਰਸ ਨੇਤਾ ਸ਼ਸ਼ੀ ਥਰੂਰ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਅਦਾਕਾਰ ਅਰੁਣ ਗੋਵਿਲ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਭਰਾ ਡੀ.ਕੇ. ਸੁਰੇਸ਼ (ਕਾਂਗਰਸ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ (ਜਨਤਾ ਦਲ-ਸੈਕੂਲਰ) ਸੂਚੀ ਵਿਚ ਪ੍ਰਮੁੱਖ ਉਮੀਦਵਾਰਾਂ ‘ਚ ਸ਼ਾਮਲ ਹਨ। ਭਾਜਪਾ ਦੇ ਉਮੀਦਵਾਰ ਹੇਮਾ ਮਾਲਿਨੀ, ਓਮ ਬਿਰਲਾ ਅਤੇ ਗਜੇਂਦਰ ਸਿੰਘ ਸ਼ੇਖਾਵਤ ਆਪੋ-ਆਪਣੇ ਹਲਕਿਆਂ ਤੋਂ ਲਗਾਤਾਰ ਤੀਜੀ ਜਿੱਤ ਦੀ ਉਮੀਦ ਕਰ ਰਹੇ ਹਨ। ਕੁੱਲ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਪਿਛਲੇ ਸ਼ੁੱਕਰਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਲਗਪਗ 65.5 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਚੋਣ ਅਮਲਾ ਅੱਜ ਸ਼ਾਮ ਆਪੋ ਆਪਣੇ ਤਾਇਨਤੀ ਵਾਲੇ ਪੋਲਿੰਗ ਬੂਥਾਂ ‘ਤੇ ਪੁੱਜ ਗਿਆ।