#PUNJAB

ਲੋਕ ਸਭਾ ਚੋਣਾਂ: ‘ਦਲ ਬਦਲੂਆਂ’ ਦੀ ਸੂਚੀ ‘ਚ ਸ਼ਾਮਲ ਹੋਏ ਪੰਜਾਬ ਦੇ ਕਈ ਵੱਡੇ ਆਗੂ

-ਸਾਬਕਾ ਮੁੱਖ ਮੰਤਰੀ ਤੋਂ ਲੈ ਕੇ ਵਿਧਾਇਕ ਤੇ ਸੰਸਦ ਮੈਂਬਰਾਂ ਤੱਕ ਕਈ ਪਾਰਟੀਆਂ ਬਦਲ ਚੁੱਕੇ ਨੇ ਆਗੂ
ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਆਏ ਦਿਨ ‘ਆਇਆ ਰਾਮ ਤੇ ਗਿਆ ਰਾਮ’ ਵਾਲੀ ਸਿਆਸਤ ਦੇਖਣ ਨੂੰ ਮਿਲ ਰਹੀ ਹੈ। ਇੱਕ ਸਾਬਕਾ ਮੁੱਖ ਮੰਤਰੀ ਤੋਂ ਲੈ ਕੇ ਇੱਕ ਵਾਰ ਸੰਸਦ ਮੈਂਬਰ ਜਾਂ ਵਿਧਾਇਕ ਬਣੇ ਆਗੂ ‘ਦਲ ਬਦਲੂਆਂ’ ਦੀ ਸੂਚੀ ਵਿਚ ਸ਼ਾਮਲ ਹਨ ਤੇ ਇਹ ਲਗਾਤਾਰ ਵਧ ਰਹੀ ਹੈ।
ਕਾਂਗਰਸ ਵੱਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਚੁੱਕੇ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਭਾਜਪਾ ਲਈ ਪ੍ਰਚਾਰ ਕਰਨਗੇ ਅਤੇ ਉਨ੍ਹਾਂ ਦੀ ਪਤਨੀ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਪਿੱਛੇ ਜਿਹੇ ਭਾਜਪਾ ‘ਚ ਸ਼ਾਮਲ ਹੋ ਗਏ ਸਨ ਅਤੇ ਉਹ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਹਨ। ਕੈਪਟਨ ਨੇ 1980 ਵਿਚ ਕਾਂਗਰਸ ਪਾਰਟੀ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਸਾਕਾ ਨੀਲਾ ਤਾਰਾ ਦੇ ਵਿਰੋਧ ‘ਚ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। 1992 ‘ਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ-ਵਿਛੋੜਾ ਕਰਕੇ ਵੱਖਰਾ ਧੜਾ ਅਕਾਲੀ ਦਲ (ਪੰਥਕ) ਬਣਾਇਆ ਪਰ 1998 ਵਿਚ ਇਸ ਦਾ ਕਾਂਗਰਸ ‘ਚ ਰਲੇਵਾਂ ਕਰ ਲਿਆ।
ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ ਚਾਰ ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ 2011 ਵਿਚ ਵੱਖਰੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦਾ ਗਠਨ ਕੀਤਾ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ। ਫਿਰ ਉਹ ਕਾਂਗਰਸ ‘ਚ ਸ਼ਾਮਲ ਹੋਏ ਅਤੇ ਸਰਕਾਰ ‘ਚ ਵਿੱਤ ਮੰਤਰੀ ਰਹੇ। ਇਸ ਮਗਰੋਂ ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਉਹ ਅਗਾਮੀ ਲੋਕ ਸਭਾ ਚੋਣਾਂ ਨਹੀਂ ਲੜ ਰਹੇ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਨੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ‘ਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹਨ ਤੇ ਉਹ ਹੁਣ ਇੱਥੋਂ ਹੀ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਵਿਚ ਸਨ। ਇਸੇ ਤਰ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 2022 ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਪਰ ਬਾਅਦ ਵਿਚ ਕਾਂਗਰਸ ‘ਚ ਵਾਪਸ ਆ ਗਏ। ਸੁਸ਼ੀਲ ਕੁਮਾਰ ਰਿੰਕੂ 2017 ‘ਚ ਕਾਂਗਰਸ ਵੱਲੋਂ ਸੰਸਦ ਮੈਂਬਰ ਬਣੇ। 2023 ‘ਚ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਉਹ ‘ਆਪ’ ‘ਚ ਸ਼ਾਮਲ ਹੋਏ ਅਤੇ ਸੰਸਦ ਮੈਂਬਰ ਬਣੇ। ‘ਆਪ’ ਨੇ 2024 ਦੀਆਂ ਆਮ ਚੋਣਾਂ ਲਈ ਵੀ ਰਿੰਕੂ ਨੂੰ ਉਮੀਦਵਾਰ ਐਲਾਨਿਆ ਪਰ ਉਹ ਪਿਛਲੇ ਮਹੀਨੇ ਭਾਜਪਾ ‘ਚ ਸ਼ਾਮਲ ਹੋ ਗਏ। ਉਹ ਹੁਣ ਜਲੰਧਰ ਤੋਂ ਹੀ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਅਕਾਲੀ ਆਗੂਆਂ ਵਿਚ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਾਲ 2020 ਵਿਚ ਕੁਝ ਮਸਲਿਆਂ ‘ਤੇ ਮਤਭੇਦ ਹੋਣ ਕਾਰਨ ਪਾਰਟੀ ਤੋਂ ਵੱਖ ਹੋ ਗਏ ਸਨ ਪਰ ਹੁਣ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ ਹੋ ਗਈ ਹੈ। ਉਹ ਭਾਜਪਾ ਦੇ ਵੀ ਕਾਫੀ ਕਰੀਬ ਰਹੇ ਸਨ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦਾ ਪਰਿਵਾਰ ਵੀ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋ ਸਕਦਾ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਭਾਜਪਾ ਦੇ ਸੰਸਦ ਮੈਂਬਰ ਰਹੇ। ਬਾਅਦ ਵਿਚ ਉਹ ਕਾਂਗਰਸ ‘ਚ ਸ਼ਾਮਲ ਹੋ ਗਏ। ਹੁਣ ਪਾਰਟੀ ਨਾਲ ਮਤਭੇਦ ਹੋਣ ਮਗਰੋਂ ਉਹ ਮੁੜ ਆਈ.ਪੀ.ਐੱਲ. ਦੀ ਕੁਮੈਂਟਰੀ ਵੱਲ ਮੁੜ ਆਏ ਹਨ। ਪਟਿਆਲਾ ਤੋਂ ‘ਆਪ’ ਦੇ ਸਾਬਕਾ ਸੰਸਦ ਮੈਂਬਰ ਪਾਰਟੀ ਨਾਲ ਬਗਾਵਤ ਮਰਨ ਤੋਂ ਬਾਅਦ ਹੁਣ ਕਾਂਗਰਸ ‘ਚ ਸ਼ਾਮਲ ਹੋ ਗਏ ਹਨ ਤੇ ਉਹ ਪਟਿਆਲਾ ਤੋਂ ਚੋਣ ਲੜਨਗੇ। ਚੱਬੇਵਾਲ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ‘ਆਪ’ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ।