#INDIA

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ’ਤੇ

ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)-  ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ। ਇਸ ਦਰਮਿਆਨ ਅਮਿਤ ਸ਼ਾਹ ਨੇ ਆਖਿਆ ਕਿ ਅਕਾਲੀ ਦਲ ਨਾਲ ਗਠਜੋੜ ਲਈ ਗੱਲਬਾਤ ਚੱਲ ਰਹੀ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਗੱਲਬਾਤ ਅਜੇ ਸਿਰਫ ਗੱਲਬਾਤ ਤਕ ਹੀ ਸਮਿਤ ਹੈ। ਸ਼ਾਹ ਨੇ ਕਿਹਾ ਕਿ ਜਯੰਤ ਚੌਧਰੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕ ਦਲ (ਰਾਲੋਦ), ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਹੋਰ ਖੇਤਰੀ ਦਲਾਂ ਦੇ ਰਾਜਗ ‘ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਗ੍ਰਹਿ ਮੰਤਰੀ ਨੇ ਸੱਤਾਧਾਰੀ ਗਠਜੋੜ ‘ਚ ਅਤੇ ਦਲਾਂ ਦੇ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਅਤੇ ਕਿਹਾ ਕਿ ਭਾਜਪਾ ‘ਪਰਿਵਾਰ ਨਿਯੋਜਨ ‘ਚ ਭਰੋਸਾ ਕਰਦੀ ਹੈ ਪਰ ਰਾਜਨੀਤੀ ‘ਚ ਇਸ ਨੂੰ ਨਹੀਂ ਅਪਣਾਉਂਦੀ। ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਮੁੜ ਪੁੱਛੇ ਜਾਣ ‘ਤੇ ਸ਼ਾਹ ਨੇ ਕਿਹਾ,”ਗੱਲਬਾਤ ਜਾਰੀ ਹੈ ਪਰ ਕੁਝ ਵੀ ਤੈਅ ਨਹੀਂ ਹੋਇਆ ਹੈ।” ਸ਼ਾਹ ਨੇ ਕਿਹਾ ਕਿ 2024 ਦਾ ਚੋਣ ਰਾਜਗ ਅਤੇ ਵਿਰੋਧੀ ਧਿਰ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇੰਕਲੂਸਿਵ ਅਲਾਇੰਸ) ਵਿਚਾਲੇ ਨਹੀਂ ਸਗੋਂ ਵਿਕਾਸ ਅਤੇ ਸਿਰਫ਼ ਨਾਅਰੇ ਦੇਣ ਵਾਲਿਆਂ ਵਿਚਾਲੇ ਚੋਣ ਹੋਵੇਗੀ।