#INDIA

ਲੋਕ ਸਭਾ ਚੋਣਾਂ: ਜਲਦ ਲੱਗੇਗਾ ‘ਕੋਡ ਆਫ ਕੰਡਕਟ’

– 3 ਤੋਂ 15 ਮਾਰਚ ਵਿਚਾਲੇ ਲਾਗੂ ਹੋ ਸਕਦੈ ਕੋਡ ਆਫ ਕੰਡਕਟ
– ਚੋਣਾਂ ਦੀਆਂ ਤਾਰੀਖਾਂ ‘ਤੇ ਟਿਕੀਆਂ ਸਿਆਸੀ ਪਾਰਟੀਆਂ ਦੀਅ ਨਜ਼ਰਾਂ
ਜਲੰਧਰ, 21 ਫਰਵਰੀ (ਪੰਜਾਬ ਮੇਲ)- ਲੋਕ ਸਭਾ ਦੀਆਂ ਆਉਂਦੀਆਂ ਆਮ ਚੋਣਾਂ ਸਬੰਧੀ ਕੇਂਦਰੀ ਚੋਣ ਕਮਿਸ਼ਨ ਵਲੋਂ 3 ਤੋਂ 15 ਮਾਰਚ ਵਿਚਾਲੇ ਕਦੇ ਵੀ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਸੰਭਵ ਤੌਰ ‘ਤੇ ਅਪ੍ਰੈਲ ਅਤੇ ਮਈ ਤੱਕ ਚੱਲਣ ਦੇ ਆਸਾਰ ਹਨ। ਇਨ੍ਹਾਂ ਚੋਣਾਂ ਦੀਆਂ ਤਾਰੀਖ਼ਾਂ ਵੱਲ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕੇਂਦਰੀ ਚੋਣ ਕਮਿਸ਼ਨ ਨੇ ਆਮ ਚੋਣਾਂ ਕਰਵਾਉਣ ਲਈ ਤਾਰੀਖ਼ਾਂ ਦਾ ਐਲਾਨ ਕਰਨਾ ਹੈ।
ਲੋਕ ਸਭਾ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਸਿਆਸੀ ਪਾਰਟੀਆਂ ਦੇ ਨੇਤਾਵਾਂ ਤੇ ਸੰਸਦ ਮੈਂਬਰਾਂ ਨੇ ਆਪੋ-ਆਪਣੇ ਸੰਸਦੀ ਹਲਕਿਆਂ ਵਿਚ ਡੇਰਾ ਲਾਇਆ ਹੋਇਆ ਹੈ ਅਤੇ ਉਹ ਵੋਟਰਾਂ ਨਾਲ ਸੰਪਰਕ ਬਣਾਉਣ ‘ਚ ਲੱਗੇ ਹੋਏ ਹਨ। ਆਮ ਚੋਣਾਂ ਸਬੰਧੀ ਸਾਰੇ ਸੂਬਿਆਂ ਵਿਚ ਚੋਣ ਅਧਿਕਾਰੀਆਂ ਨੇ ਵੀ ਚੋਣਾਂ ਨਾਲ ਸਬੰਧਿਤ ਕੰਮਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਸ ਵਾਰ ਵੱਧ ਤੋਂ ਵੱਧ ਲੋਕਾਂ ਨੂੰ ਵੋਟਿੰਗ ਲਈ ਪ੍ਰੇਰਿਤ ਕੀਤਾ ਜਾਵੇ, ਜਿਸ ਨਾਲ ਵੋਟ ਫ਼ੀਸਦੀ ਨੂੰ ਵਧਾਇਆ ਜਾ ਸਕੇ।
ਸੂਬਿਆਂ ਵਿਚ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਲਗਾਤਾਰ ਆਨਲਾਈਨ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਮੁੱਖ ਚੋਣ ਅਧਿਕਾਰੀ ਵਲੋਂ ਚੋਣਾਂ ਨਾਲ ਸਬੰਧਿਤ ਕੰਮਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਜਾ ਰਿਹਾ ਹੈ। ਲੋਕ ਸਭਾ ਦੀਆਂ ਆਮ ਚੋਣਾਂ ਜਿੱਥੇ ਕੇਂਦਰ ਸਰਕਾਰ ਤੇ ਵਿਰੋਧੀ ਪਾਰਟੀਆਂ ਲਈ ਅਹਿਮ ਹਨ, ਉੱਥੇ ਹੀ ਸੂਬਿਆਂ ਵਿਚ ਸੱਤਾਧਾਰੀ ਸਰਕਾਰਾਂ ਲਈ ਆਪਣੀ ਹੋਂਦ ਬਚਾ ਕੇ ਰੱਖਣ ਲਈ ਵੀ ਇਹ ਚੋਣਾਂ ਬੇਹੱਦ ਅਹਿਮ ਮੰਨੀਆਂ ਜਾ ਰਹੀਆਂ ਹਨ।
ਸੂਬਿਆਂ ਵਿਚ ਸੱਤਾਧਾਰੀ ਪਾਰਟੀਆਂ ਵਲੋਂ ਜਲਦ ਤੋਂ ਜਲਦ ਵੋਟਰਾਂ ਨਾਲ ਜੁੜੇ ਫ਼ੈਸਲਿਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਦੇ ਮੰਤਰੀ ਤੇ ਹੋਰ ਜਨ ਪ੍ਰਤੀਨਿਧੀ ਵੀ ਚੋਣਾਂ ਦੀਆਂ ਤਾਰੀਖ਼ਾਂ ਤੋਂ ਪਹਿਲਾਂ ਆਪਣੇ ਕੰਮ ਮੁਕੰਮਲ ਕਰਨ ‘ਚ ਜੁਟੇ ਹੋਏ ਹਨ। ਸੱਤਾਧਾਰੀ ਸਰਕਾਰਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਜਾ ਸਕੇ। ਆਮ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾਵਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਆਉਣ ਵਾਲੇ ਕੁਝ ਮਹੀਨਿਆਂ ‘ਚ ਵੋਟਰਾਂ ਦੀ ਚਾਂਦੀ ਰਹੇਗੀ।