ਲੁਧਿਆਣਾ, 6 ਜੁਲਾਈ (ਪੰਜਾਬ ਮੇਲ)- ਲੁਧਿਆਣਾ ਵਿਚ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ‘ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਥਾਪਰ ਦੇ ਗੰਨਮੈਨ ਨੂੰ ਸਸਪੈਂਡ ਕਰ ਦਿੱਤਾ ਹੈ। ਦੋਸ਼ ਹੈ ਕਿ ਜਿਸ ਸਮੇਂ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ‘ਤੇ ਹਮਲਾ ਹੋਇਆ ਤਾਂ ਉਨ੍ਹਾਂ ਦਾ ਗੰਨਮੈਨ ਵਿਰੋਧ ਕਰਨ ਦੀ ਬਜਾਏ ਇਕ ਪਾਸੇ ਹੋ ਗਿਆ। ਇਸ ਦੇ ਚੱਲਦੇ ਹਿੰਦੂ ਸੰਗਠਨ ਨਾਰਾਜ਼ ਵੀ ਹਨ। ਸੂਤਰਾਂ ਮੁਤਾਬਕ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ। ਪੁਲਸ ਨੇ ਗੰਨਮੈਨ ਸੁਖਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹਮਲਾ ਕਰਨ ਵਾਲੇ ਦੋ ਨਿਹੰਗਾਂ ਸਰਬਜੀਤ ਸਿੰਘ ਅਤੇ ਹਰਜੋਤ ਸਿੰਘ ਨੂੰ ਪੁਲਸ ਨੇ ਵਾਰਦਾਤ ਦੇ ਕੁਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਇਕ ਨਿਹੰਗ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਹਮਲਾ ਕਰਨ ਵਾਲੇ ਨਿਹੰਗਾਂ ਨੇ ਹਮਲੇ ਤੋਂ ਬਾਅਦ ਇਕ ਵੀਡੀਓ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਕੋਈ ਉਨ੍ਹਾਂ ਦੇ ਧਰਮ, ਸਵੈਮਾਣ ਅਤੇ ਸ਼ਹੀਦਾਂ ਬਾਰੇ ਕੁਝ ਗ਼ਲਤ ਬੋਲਦਾ ਹੈ ਤਾਂ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਸੀ ਕਿ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਬਾਬਾ ਬੁੱਢਾ ਦਲ ਨਾਲ ਸਬੰਧਤ ਹਨ। ਗੰਨਮੈਨ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਸ਼ਿਵ ਸੈਨਾ ਆਗੂ ਥਾਪਰ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਵਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।