#Basketball #SPORTS

ਲੁਧਿਆਣਾ ਵਿਖੇ 73ਵੇ ਕੌਮੀ ਬਾਸਕਿਟਬਾਲ ਮੁਕਾਬਲੇ ਸੰਪਨ

ਲੁਧਿਆਣਾ, 20 ਦਸੰਬਰ (ਸੰਤੋਖ ਸਿੰਘ ਮੰਡੇਰ/ਪੰਜਾਬ ਮੇਲ)- ਭਾਰਤ ਦੇ ਉਤਰ-ਪੱਛਮੀ ਪ੍ਰਾਂਤ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਮਸ਼ਹੂਰ ਗਰੂ ਨਾਨਕ ਸਟੇਡੀਅਮ ਵਿਖੇ ਦੁਨੀਆਂ ਦੀ ਤੇਜ਼-ਤਰਾਰ ਖੇਡ ਬਾਸਕਿਟਬਾਲ ਦੇ ’73ਵੇਂ ਸੀਨੀਅਰ ਕੌਮੀ ਬਾਸਕਿਟਬਾਲ’ ਮੁਕਾਬਲੇ ਹਜ਼ਾਰਾਂ ਦਰਸ਼ਕਾਂ, ਸੈਂਕੜੇ ਖਿਡਾਰੀਆਂ, ਦਰਜਨਾਂ ਖੇਡ ਪ੍ਰਬੰਧਕਾਂ ਤੇ ਚੁਣਵੇਂ ਖਾਸਮ-ਖਾਸ ਮਹਿਮਾਨਾਂ ਦੀ ਹਾਜ਼ਰੀ ਵਿਚ ਬੜੇ ਧੂਮ-ਧੜੱਕੇ ਨਾਲ ਸੰਪਨ ਹੋਏ। ਲੁਧਿਆਣਾ ਤੇ ਲਾਹੌਰ ਭਾਰਤੀ ਉਪ ਮਹਾਂਦੀਪ ਦੇ ਉਤਰ-ਪੱਛਮ ਵਿਚ ਬੜੇ ਪੁਰਾਣੇ ਨਾਮੀ ਸ਼ਹਿਰ ਹਨ। ਇਕ ਸਤਲੁਜ ਦਰਿਆ ਦੇ ਕੰਢੇ ਉਪਰ ਤੇ ਦੂਜਾ ਰਾਵੀ ਦਰਿਆ ਦੇ ਕੰਢੇ ਉਪਰ ਵਸਿਆ ਹੋਇਆ ਹੈ। ਪੂਰਬੀ ਪੰਜਾਬ (ਭਾਰਤ) ਦਾ ਕੇਂਦਰੀ ਸ਼ਹਿਰ ਲੁਧਿਆਣਾ ਅਤੇ ਪੱਛਮੀ ਪੰਜਾਬ (ਪਾਕਿਸਤਾਨ) ਦਾ ਇਤਿਹਾਸਿਕ ਸ਼ਹਿਰ ਲਾਹੌਰ ਖੇਡਾਂ ਵਿਚ ਸਦਾ ਹੀ ਮੋਹਰੀ ਰਹੇ ਹਨ। ਪੂਰਬ ਵਿਚ ਪੱਛਮੀ ਬੰਗਾਲ ਦੇ ‘ਕੋਲਕਾਤਾ’ ਤੇ ਪੂਰਬੀ ਬੰਗਾਲ ਦੇ ‘ਢਾਕਾ’ ਦਾ ਵੀ ਕੋਈ ਤੋੜ ਨਹੀਂ ਹੈ।
ਲੁਧਿਆਣਾ ਵਿਖੇ ਇਸ 73ਵੀਂ ਸੀਨੀਅਰ ਮਰਦਾਂ ਤੇ ਔਰਤਾਂ ਦੀ ਕੌਮੀ ਬਾਸਕਿਟਬਾਲ ਚੈਂਪੀਅਨਸ਼ਿਪ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ 60 ਤੋਂ ਵੱਧ ਤਾਕਤਵਰ ਬਾਸਕਿਟਬਾਲ ਟੀਮਾਂ ਨੇ ਹਿੱਸਾ ਲਿਆ। ਭਾਰਤੀ ਰੇਲਵੇ ਔਰਤਾਂ ਦੀ ਬੜੀ ਫੁਰਤੀਲੀ ਤੇ ਜਾਨਦਾਰ ਟੀਮ ਨੇ ਭਾਰਤ ਦੇਸ਼ ਦੇ ਅਖੀਰਲੇ ਸੂਬੇ ਕੇਰਲਾ ਨੂੰ 80-50 ਦੇ ਅੰਕਾਂ ਨਾਲ ਹਰਾ ਕੇ ਰਾਸ਼ਟਰੀ ਖਿਤਾਬ ਬਰਕਰਾਰ ਰੱਖਿਆ। ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ-ਮਦਰਾਸ ਨੇ ਮਰਦਾਂ ਦੇ ਕੌਮੀ ਬਾਸਕਿਟਬਾਲ ਖੇਡ ਮੁਕਾਬਲਿਆਂ ‘ਚ ਭਾਰਤੀ ਰੇਲਵੇ ਦੀ ਟੀਮ ਦੀ ਰੇਲ ਗਡੀ ਬਣਾਈ ਰੱਖੀ ਤੇ ਆਖਰ ਨੂੰ 72-67 ਦੇ ਅੰਕਾਂ ਨਾਲ ਹਰਾ ਕੇ ਰਾਸ਼ਟਰੀ ਬਾਸਕਿਟਬਾਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਮਰਦਾਂ ਦੀ ਖੇਡ ‘ਚ ਤਾਮਿਲਨਾਡੂ ਪ੍ਰਾਂਤ ਦੀ ਤੇਜ਼ ਤਰਾਰ ਬਾਸਕਿਟਬਾਲ ਟੀਮ ਪਹਿਲੇ ਨੰਬਰ ਉਪਰ, ਭਾਰਤੀ ਰੇਲਵੇ ਦੀ ਮਾਲ ਰੇਲ ਗੱਡੀ ਦੂਜੇ ਨੰਬਰ ‘ਤੇ ਅਤੇ ਪੰਜਾਬ ਟੀਮ ਦਾ ਗੱਡਾ ਤੀਜੇ ਨੰਬਰ ਉਪਰ ਰਿਹਾ। ਔਰਤਾਂ ਦੇ ਮੁਕਾਬਲਿਆਂ ਵਿਚ ਭਾਰਤੀ ਰੇਲਵੇ ਦਾ ਇੰਜਣ ਪਹਿਲੇ ਸਥਾਨ ਉਪਰ, ਕੇਰਲਾ ਦੀ ਕਿਸ਼ਤੀ ਦੂਜੇ ਨੰਬਰ ਉਪਰ ਅਤੇ ਤਾਮਿਲਨਾਡੂ ਦਾ ਤੀਰ ਤੀਸਰੇ ਸਥਾਨ ਉਪਰ ਹੀ ਰਿਹਾ। ਤਾਮਿਲਨਾਡੂ ਸੂਬੇ ਦੇ ਬਹੁਤ ਫੁਰਤੀਲੇ ਬਾਸਕਿਟਬਾਲ ਖਿਡਾਰੀ, ਨੌਜਵਾਨ ਬਲਧਨੇਸ਼ਵਰ ਅਤੇ ਭਾਰਤੀ ਰੇਲਵੇ ਦੀ ਛੁੱਰਲੀ ਮਹਿਲਾ ਖਿਡਾਰਨ ਪੂਨਮ ਚਥੁਰਵੇਦੀ ਨੂੰ 73ਵੀਂ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਸਭ ਤੋਂ ਉਤਮ ਖਿਡਾਰੀ ਐਲਾਨਿਆ ਗਿਆ। ਪਿਛਲੇ ਪੰਜ ਸਾਲਾਂ ਦੇ ਭਾਰਤੀ ਬਾਸਕਿਟਬਾਲ ਖੇਡ ਦੇ ਇਤਿਹਾਸ ਵਿਚ ਮਰਦਾਂ ਦੇ ਵਰਗ ‘ਚ ਉਤਮ ਖਿਡਾਰੀ ਬਣਨ ਦਾ ਦਬਦਬਾ ਪੰਜਾਬ ਤੇ ਤਾਮਿਲਨਾਡੂ ਦੇ ਬਾਸਕਿਟਬਾਲ ਖਿਡਾਰੀਆਂ ਦਾ ਹੀ ਰਿਹਾ ਹੈ। ਸਾਲ 2018 ‘ਚ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ, 2019 ਵਿਚ ਅਰਸ਼ਪ੍ਰੀਤ ਸਿੰਘ ਭੁੱਲਰ, 2022 ਵਿਚ ਅਮਿਜੋਤ ਸਿੰਘ ਸਰਦਾਰ ਨੇ ਭਾਰਤੀ ਬਾਸਕਿਟਬਾਲ ਖੇਡ ਵਿਚ ਸਰਦਾਰੀ ਦਾ ਉੱਤਮ ਖਿਡਾਰੀ ਵਾਲਾ ਖਿਤਾਬ ਹਾਸਲ ਕੀਤਾ।
73ਵੀਂ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਪੀਅਨਸ਼ਿਪ ਲੁਧਿਆਣਾ ਵਿਖੇ ਜਿੱਤਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਪੁਲਿਸ ਅਧਿਕਾਰੀ, ਸਪੈਸ਼ਲ-ਡੀ.ਜੀ.ਪੀ., ਲਾਅ ਐਂਡ ਆਰਡਰ ਸ਼੍ਰੀ ਅਰਪਿਤ ਸ਼ੁਕਲਾ ਜੀ ਨੇ ਕੀਤੀ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਇੰਨਡੋਰ ਬਾਸਕਿਟਬਾਲ ਹਾਲ ਵਿਚ ਸਮਾਗਮ ਦੇ ਮੁੱਖ ਮਹਿਮਾਨ, ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਬਾਸਕਿਟਬਾਲ ਸੰਸਥਾ ਦੇ ਪ੍ਰਧਾਨ ਸਰਦਾਰ ਰਾਜਦੀਪ ਸਿੰਘ ਗਿੱਲ ਸਨ। ਇਸ ਸਮਾਗਮ ਵਿਚ ਪੰਜਾਬ ਬਾਸਕਿਟਬਾਲ ਸੰਸਥਾ ਦੇ ਸਕੱਤਰ ਜਰਨਲ, ਨਿਸ਼ਕਾਮ ਖੇਡ ਸੇਵਕ ਤੇ ਪ੍ਰੱਪਕ ਪ੍ਰਬੰਧਕ ਸਰਦਾਰ ਤੇਜਾ ਸਿੰਘ ਧਾਲੀਵਾਲ, ਸਰਦਾਰ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ.-ਪੁਲਿਸ ਕਮਿਸ਼ਨਰ ਲੁਧਿਆਣਾ ਤੇ ਚੇਅਰਮੈਨ ਪ੍ਰਬੰਧਕ ਕਮੇਟੀ, ਨੌਜਵਾਨ ਸ਼੍ਰੀ ਆਧੱਵ ਅਰਜੁਨਾ-ਤਾਮਿਲਨਾਡੂ (ਮਦਰਾਸ) ਪ੍ਰਧਾਨ ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ, ਸ਼੍ਰੀ ਕੁਲਵਿੰਦਰ ਗਿੱਲ, ਮੱਧ ਪ੍ਰਦੇਸ (ਭੋਪਾਲ)-ਸਕੱਤਰ ਜਰਨਲ ਬਾਸਕਿਟਬਾਲ ਫੈਡਰੇਸਨ ਆਫ ਇੰਡੀਆ, ਸਰਦਾਰ ਗੁਰਪ੍ਰੀਤ ਸਿੰਘ ਤੂਰ- ਸੇਵਾਮੁਕਤ-ਆਈ.ਪੀ.ਐੱਸ. -ਪੈਟਰਨ ਪੰਜਾਬ ਬਾਸਕਿਟਬਾਲ ਸੰਸਥਾ ਤੇ ਸਮਾਜਿਕ ਪੰਜਾਬੀ ਲਿਖਾਰੀ, ਪੰਜਾਬ ਪੁਲਿਸ ਦੇ ਸਾਬਕਾ ਅਹਿਮ ਅਫਸਰ ਸਰਦਾਰ ਯੁਰਿੰਦਰ ਸਿੰਘ ਹੇਅਰ, ਸਾਬਕਾ ਪੰਜਾਬ ਪੁਲਿਸ ਅਧਿਕਾਰੀ ਤੇ ਅਰਜਨਾ ਐਵਾਰਡੀ ਸ. ਸੱਜਣ ਸਿੰਘ ਚੀਮਾ, ਸਰਦਾਰ ਪ੍ਰਮਿੰਦਰ ਸਿੰਘ ਅਰਜਨਾ ਐਵਾਰਡੀ, ਸ. ਰੁਪਿੰਦਰ ਸਿੰਘ-ਪੀ.ਪੀ.ਐੱਸ., ਡੀ.ਸੀ.ਪੀ.-ਲੁਧਿਆਣਾ, ਸ. ਮੁੱਖਵਿੰਦਰ ਸਿੰਘ ਭੁੱਲਰ ਐੱਸ.ਐੱਸ.ਪੀ. ਜਲੰਧਰ ਦਿਹਾਤੀ, ਸ. ਜੇ.ਪੀ. ਸਿੰਘ ਸਾਬਕਾ ਏ.ਡੀ.ਸੀ., ਸ਼੍ਰੀ ਵਿਜੈ ਚੋਪੜਾ, ਸ਼੍ਰੀ ਬ੍ਰਿਜ ਭੂਸਨ ਗੋਇਲ, ਸ਼੍ਰੀ ਅਭੀਨਾਸ਼ ਚੰਦਰ ਮੈਣੀ ਸਾਬਕਾ ਸਕੱਤਰ ਪੰਜਾਬ ਬਾਸਕਿਟਬਾਲ ਸੰਸਥਾ, ਸ. ਹਰਪਾਲ ਸਿੰਘ ਮਾਂਗਟ ਸੇਵਾਮੁਕਤ ਬੈਂਕ ਅਧਿਕਾਰੀ, ਸ. ਹਰਜਿੰਦਰ ਸਿੰਘ-ਸਾਂਈ ਕੋਚ, ਸ਼੍ਰੀ ਅਨਿਲ ਕੁਮਾਰ ਪੁੰਜ-ਬਾਸਕਿਟਬਾਲ ਕੋਚ, ਸਾਬਕਾ ਜ਼ਿਲ੍ਹਾ ਹੈਂਡਬਾਲ ਕੋਚ ਸ਼੍ਰੀ ਹਰਿੰਦਰ ਸ਼ਰਮਾ, ਸ. ਗੁਰਇੰਦਰਜੀਤ ਸਿੰਘ ਪਟਿਆਲਾ, ਸਾਬਕਾ ਹੈਂਡਬਾਲ ਖਿਡਾਰੀ ਤੇ ਵਿਉਪਾਰੀ ਸ਼੍ਰੀ ਸੁਮੇਸ਼ ਚੱਢਾ, ਪ੍ਰੋ: ਰਾਜਿੰਦਰ ਸਿੰਘ, ਸ. ਰਣਬੀਰ ਸਿੰਘ ਟੁੱਟ ਪਰਾਗਪੁਰ-ਜਲੰਧਰ, ਸ. ਸੁਖਬੀਰ ਸਿੰਘ ਧਾਲੀਵਾਲ, ਸ਼੍ਰੀ ਅੱਨੂ ਅੱਗਰਵਾਲ, ਕੈਨੇਡਾ-ਵੈਨਕੂਵਰ ਤੋਂ ਇੰਡੋ ਕੈਨੇਡੀਅਨ ਟਾਈਮਜ਼ ਅਖਬਾਰ ਦੇ ਅੰਤਰਰਾਸ਼ਟੀ ਉਲੰਪਿਅਨ ਖੇਡ ਫੋਟੋ ਪੱਤਰਕਾਰ, ਸ. ਸੰਤੋਖ ਸਿੰਘ ਮੰਡੇਰ ਸਾਬਕਾ ਸਕੱਤਰ ਜਰਨਲ, ਪੰਜਾਬ ਹੈਂਡਬਾਲ ਐਸੋਸੀਏਸਨ ਅਤੇ ਕਈ ਹੋਰ ਨਾਮੀ ਖੇਡ ਸੰਸਥਾਵਾਂ ਦੇ ਪ੍ਰਬੰਧਕ, ਵੱਖੋ-ਵੱਖ ਖੇਡਾਂ ਦੇ ਮਾਨਤਾ ਪ੍ਰਾਪਤ ਐੱਨ.ਆਈ.ਐੱਸ. ਤੇ ਸਾਈ ਮਹਿਕਮੇ ਦੇ ਕੋਚ ਸਾਹਿਬਾਨ, ਬਾਸਕਿਟਬਾਲ ਦੇ ਪੁਰਾਣੇ ਤੇ ਨਵੇਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਮੌਜੂਦ ਸਨ।
ਖੇਡਾਂ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਤੇ ਸੰਸਥਾਵਾਂ ਵਿਚੋਂ ਸਭ ਤੋ ਵੱਧ, ਕੋਕਾ ਕੋਲਾ, ਇੰਡੀਅਨ ਆਇਲ, ਨਿਵੀਆ-ਬਾਸਕਿਟਬਾਲ ਖੇਡ ਦੀ ਆਧੁਨਿਕ ਬਾਲ ਦੇ ਨਿਰਮਾਤਾ, ਐੱਸ.ਪੀ.ਐੱਸ. ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਵੇਰਕਾ ਦੁੱਧ, ਫਾਸਟਵੇ ਚੈਨਲ, ਕੌਸਕੋ, ਆਰ ਈਲਾਨ, ਫਿਕੀ, ਸੀ.ਟੀ. ਯੂਨੀਵਰਸਿਟੀ, ਬੌਨ ਬਰੈਡ, ਐਗੀ ਇੰਨਫਰਾ ਦਾ ਬਹੁਤ ਭਰਵਾਂ ਯੋਗਦਾਨ ਰਿਹਾ।