#PUNJAB

ਲੁਧਿਆਣਾ ਪੱਛਮੀ ਜ਼ਿਮਨੀ ਚੋਣ : ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

-ਨਵਜੋਤ ਸਿੱਧੂ ਆਊਟ, ਅਮੇਠੀ ਦੇ ਸੰਸਦ ਮੈਂਬਰ ਸਣੇ 40 ਚਿਹਰੇ ਸ਼ਾਮਲ
ਲੁਧਿਆਣਾ, 5 ਜੂਨ (ਪੰਜਾਬ ਮੇਲ)- ਸ਼ਹਿਰ ਦੇ ਵਿਧਾਨ ਸਭਾ ਹਲਕੇ ਪੱਛਮੀ ਦੀ ਜ਼ਿਮਨੀ ਚੋਣ ਲਈ ਮਾਹੌਲ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਕਾਂਗਰਸ ਨੇ ਚਾਲੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਅਤੇ ਅਮੇਠੀ ਦੇ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਸਮੇਤ ਕਈ ਵੱਡੇ ਆਗੂ ਸ਼ਾਮਲ ਕੀਤੇ ਗਏ ਹਨ ਹਾਲਾਂਕਿ, ਇਸ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਇਹ ਵੱਡੇ ਆਗੂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲਈ ਚੋਣ ਪ੍ਰਚਾਰ ਕਰਨ ਆਉਣਗੇ ਅਤੇ ਉਨ੍ਹਾਂ ਲਈ ਵੋਟਾਂ ਮੰਗਣਗੇ।
ਸਟਾਰ ਪ੍ਰਚਾਰਕਾਂ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ-ਨਾਲ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗ ਸ਼ਾਮਲ ਹਨ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਇਨ੍ਹਾਂ ਪ੍ਰਚਾਰਕਾਂ ਵਿਚ ਸ਼ਾਮਲ ਹਨ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਨੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਦੂਰ ਰੱਖਿਆ ਹੈ ਜਦਕਿ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿਚੋਂ ਇਕ ਹਨ।
ਕਾਂਗਰਸ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਚਿਨ ਪਾਇਲਟ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਅਦਾਕਾਰ ਰਾਜ ਬੱਬਰ, ਮੁਹੰਮਦ ਸਦੀਕ ਅਤੇ ਕਨ੍ਹੱਈਆ ਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਹਿਮਾਚਲ ਦੇ ਸੀ.ਐੱਮ. ਸੁਖਵਿੰਦਰ ਸਿੰਘ ਸੁੱਖੂ ਅਤੇ ਡਿਪਟੀ ਸੀ.ਐੱਮ. ਮੁਕੇਸ਼ ਅਗਨੀਹੋਤਰੀ, ਰਵਿੰਦਰ ਡਾਲਵੀ, ਸੁਖਵਿੰਦਰ ਸਿੰਘ ਡੈਨੀ, ਪਰਗਟ ਸਿੰਘ, ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ, ਸੁਖਪਾਲ ਸਿੰਘ ਖਹਿਰਾ, ਅਲਕਾ ਲਾਂਬਾ, ਸੰਦੀਪ ਦੀਕਸ਼ਿਤ, ਪਵਨ ਸਿੰਘ ਖੇੜਾ, ਗੁਰਜੀਤ ਸਿੰਘ ਔਜਲਾ ਅਤੇ ਹੋਰ ਕਈ ਆਗੂਆਂ ਦੇ ਨਾਮ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਗਏ ਹਨ। ਇਹ ਸਾਰੇ ਲੁਧਿਆਣਾ ਵਿਚ ਚੱਲ ਰਹੇ ਸਿਆਸੀ ਦੰਗਲ ਵਿਚ ਚੋਣ ਪ੍ਰਚਾਰ ਕਰਨ ਪੁੱਜਣਗੇ।