#PUNJAB

ਲੁਧਿਆਣਾ ਨੇੜੇ ਸਤਲੁਜ ਐਕਸਪ੍ਰੈੱਸ ‘ਤੇ ਪਥਰਾਅ ਕਾਰਨ ਬੱਚਾ ਜ਼ਖਮੀ

ਲੁਧਿਆਣਾ, 6 ਸਤੰਬਰ (ਪੰਜਾਬ ਮੇਲ)- ਵੀਰਵਾਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਬੱਦੋਵਾਲ ਵਿਖੇ ਸ਼ਰਾਰਤੀ ਅਨਸਰਾਂ ਨੇ ਸਤਲੁਜ ਐਕਸਪ੍ਰੈੱਸ ‘ਤੇ ਪਥਰਾਅ ਕਰ ਦਿੱਤਾ, ਜਿਸ ਕਾਰਨ ਚਾਰ ਸਾਲ ਦੇ ਬੱਚੇ ਦੇ ਸਿਰ ‘ਤੇ ਸੱਟ ਲੱਗ ਗਈ। ਜ਼ਖਮੀ ਲੜਕੇ ਪ੍ਰਿੰਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਾਅਦ ਵਿਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ। ਇਸ ਘਟਨਾ ਕਾਰਨ ਕੁਝ ਹੋਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਬੱਚੇ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਸਿਟੀ ਰੇਲਵੇ ਸਟੇਸ਼ਨ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਜ਼ਖਮੀ ਬੱਚੇ ਦੀ ਮਾਤਾ ਸਵਿਤਾ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਲੁਧਿਆਣਾ ਆਉਣ ਲਈ ਸਤਲੁਜ ਐਕਸਪ੍ਰੈੱਸ ਵਿਚ ਸਵਾਰ ਹੋਏ ਸਨ। ਜਿਵੇਂ ਹੀ ਰੇਲਗੱਡੀ ਲੁਧਿਆਣਾ ਦੇ ਬੱਦੋਵਾਲ ਨੇੜੇ ਪਹੁੰਚੀ, ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਇੱਕ ਪੱਥਰ ਉਸਦੇ ਪੁੱਤਰ ਦੇ ਸਿਰ ਵਿਚ ਵੱਜਿਆ। ਉਨ੍ਹਾਂ ਦੱਸਿਆ ਕਿ ਨੇੜੇ ਬੈਠੇ ਦੋ ਹੋਰ ਯਾਤਰੀਆਂ ਨੂੰ ਵੀ ਸੱਟ ਲੱਗੀ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੰਨਾ ‘ਚ ਸ਼ਰਾਰਤੀਆਂ ਨੇ ‘ਵੰਦੇ ਭਾਰਤ’ ‘ਤੇ ਪਥਰਾਅ ਕੀਤਾ ਸੀ।