#PUNJAB

ਲੁਧਿਆਣਾ ਦੇ ਕਾਰੋਬਾਰੀ ਨੂੰ ਅਗਵਾ ਕਰਨ ਵਾਲੇ ਦੋ ਗੈਂਗਸਟਰ ਪੁਲਿਸ ਮੁਕਾਬਲੇ ‘ਚ ਹਲਾਕ

* ਇਕ ਪੁਲਿਸ ਮੁਲਾਜ਼ਮ ਜ਼ਖ਼ਮੀ, ਪੁਲਿਸ ਵੱਲੋਂ ਪੰਜ ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ, 30 ਨਵੰਬਰ (ਪੰਜਾਬ ਮੇਲ)- ਸਨਅਤੀ ਸ਼ਹਿਰ ਵਿਚ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਵਾਲੇ ਮੁਲਜ਼ਮਾਂ ਦਾ ਵੀਰਵਾਰ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 2 ਮੁਲਜ਼ਮ ਮੌਕੇ ‘ਤੇ ਹੀ ਮਾਰੇ ਗਏ। ਇਸ ਗੋਲੀਬਾਰੀ ਵਿਚ ਪੁਲਿਸ ਮੁਲਾਜ਼ਮ ਸੁਖਜੀਤ ਸਿੰਘ ਵੀ ਫੱਟੜ ਹੋਇਆ ਹੈ, ਜਿਸ ਨੂੰ ਡੀ.ਐੱਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਮੁਲਜ਼ਮ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਦੀ ਸੀ.ਆਈ.ਏ. ਸਟਾਫ਼ ਦੀ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਸਾਹਨੇਵਾਲ-ਡੇਹਲੋਂ ਰੋਡ ‘ਤੇ ਟਿੱਬਾ ਪੁਲ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ 15 ਤੋਂ 20 ਰਾਉੂਂਡ ਗੋਲੀਬਾਰੀ ਕਰਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ।
ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਦੋ ਮੁਲਜ਼ਮਾਂ ਨੂੰ ਪਿਛਲੇ ਇਕ-ਦੋ ਦਿਨਾਂ ਤੋਂ ਲੱਭ ਰਹੀ ਸੀ। ਵੀਰਵਾਰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਐਕਟਿਵਾ ‘ਤੇ ਫ਼ਰਾਰ ਹੋ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਸ਼ਾਮ ਕਰੀਬ ਸਾਢੇ ਪੰਜ ਵਜੇ ਦੋ ਮੁਲਜ਼ਮ ਸੰਜੀਵ ਕੁਮਾਰ ਉਰਫ਼ ਸੰਜੂ ਬਾਹਮਣ ਤੇ ਸ਼ੁਭਮ ਗੋਪੀ ਨੂੰ ਘੇਰ ਲਿਆ। ਡੇਹਲੋਂ ਨੇੜੇ ਟਿੱਬਾ ਪੁਲ ਕੋਲ ਦੋਵੇਂ ਮੁਲਜ਼ਮ ਜੰਗਲ ਵੱਲ ਨੂੰ ਭੱਜੇ ਤੇ ਪੁਲਿਸ ਨੇ ਦੋਵਾਂ ਦਾ ਪਿੱਛਾ ਕੀਤਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਆਟੋਮੈਟਿਕ ਪਿਸਤੌਲ ਨਾਲ ਪੁਲਿਸ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੀ.ਆਈ.ਏ. ਟੀਮ ਨੇ ਆਪਣੇ ਬਚਾਅ ਵਿਚ ਜਵਾਬੀ ਫਾਇਰ ਕੀਤੇ। ਅੱਠ ਮਿੰਟ 15 ਤੋਂ 20 ਰਾਉੂਂਡ ਗੋਲੀਬਾਰੀ ਹੋਈ। ਇਸ ਮਾਮਲੇ ਵਿਚ ਦੋਵੇਂ ਮੁਲਜ਼ਮ ਮੌਕੇ ‘ਤੇ ਹੀ ਢੇਰ ਹੋ ਗਏ। ਇਸ ਗੋਲੀਬਾਰੀ ਵਿਚ ਪੁਲਿਸ ਮੁਲਾਜ਼ਮ ਸੁਖਜੀਤ ਸਿੰਘ ਨੂੰ ਵੀ ਗੋਲੀ ਲੱਗੀ, ਜਿਸ ਨੂੰ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਮੌਕੇ ‘ਤੇ ਪੁੱਜ ਕੇ ਸਾਰੀ ਵਾਰਦਾਤ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਕੋਲ ਪਿਸਤੌਲ ਸਨ, ਜਿਨ੍ਹਾਂ ਦੀ ਫੋਰੈਂਸਿਕ ਟੀਮ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਜਤਿਨ ਨੇਪਾਲੀ, ਪ੍ਰੇਮਜੀਤ, ਮਨਤੋਸ਼ ਕੁਮਾਰ, ਆਦਿਤਿਆ ਸ਼ਰਮਾ ਤੇ ਮਨਦੀਪ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ।