#PUNJAB

ਲੁਧਿਆਣਾ ‘ਚ ਅਮਰੀਕਾ ਰਹਿੰਦੀ ਐੱਨ.ਆਰ.ਆਈ. ਔਰਤ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 17 ਸਤੰਬਰ (ਪੰਜਾਬ ਮੇਲ)- ਅਮਰੀਕਨ ਸਿਟੀਜਨ 72 ਸਾਲਾ ਔਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾਰਾਏਪੁਰ ਦੇ ਇਕ ਘਰ ‘ਚ ਕਤਲ ਕਰਕੇ ਲਾਸ਼ ਨੂੰ ਕੋਲਿਆਂ ਦੀ ਅੱਗ ‘ਚ ਸਾੜੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਾੜੇ ਜਾਣ ਮਗਰੋਂ ਸਬੂਤ ਮਿਟਾਉਣ ਲਈ ਮੁਲਜ਼ਮ ਨੇ ਔਰਤ ਦੀਆਂ ਹੱਡੀਆਂ ਇਕ ਸੂਏ ਵਿਚ ਸੁੱਟ ਦਿੱਤੀਆਂ। ਔਰਤ ਨੂੰ ਕਤਲ ਕਰਨ ਵਾਲੇ ਕਥਿਤ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐੱਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵੱਲੋਂ ਘੜੀ ਸਾਜ਼ਿਸ਼ ਅਧੀਨ ਕਤਲ ਕਰਨਾ ਕਬੂਲਿਆ ਹੈ। ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਸੋਨੂੰ ਨੂੰ ਵਿਦੇਸ਼ ਲੈ ਕੇ ਜਾਣ ਤੋਂ ਇਲਾਵਾ ਵੱਡੀ ਰਾਸ਼ੀ ਦੇਣੀ ਸੀ। ਸੁਖਜੀਤ ਸਿੰਘ ਸੋਨੂੰ ਨੇ 18 ਅਗਸਤ ਨੂੰ ਡੇਹਲੋਂ ਪੁਲਿਸ ਕੋਲ ਸ਼ਿਕਾਇਤ ਲਿਖਵਾਈ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਵਿਚ ਦੋ-ਤਿੰਨ ਮਹੀਨਿਆਂ ਤੋਂ ਠਹਿਰੀ ਹੋਈ ਰੁਪਿੰਦਰ ਕੌਰ ਨੂੰ ਉਸ ਵੇਲੇ ਅਣਦੱਸੀ ਥਾਂ ਲੁਕੋ ਕੇ ਰੱਖ ਲਿਆ, ਜਦੋਂ ਉਹ ਸ਼ਿਕਾਇਤ ਲਿਖਾਉਣ ਤੋਂ ਕਰੀਬ ਦਸ ਦਿਨ ਪਹਿਲਾਂ ਕੈਨੇਡਾ ਜਾਣ ਲਈ ਦਿੱਲੀ ਗਈ ਸੀ।
ਇਸ ਤੋਂ ਪਹਿਲਾਂ ਮ੍ਰਿਤਕ ਦੀ ਭੈਣ ਕਮਲ ਕੌਰ ਖਹਿਰਾ ਨੇ ਰੁਪਿੰਦਰ ਦਾ ਫੋਨ ਬੰਦ ਮਿਲਣ ਤੋਂ ਚਾਰ ਦਿਨ ਬਾਅਦ 28 ਜੁਲਾਈ ਨੂੰ ਭਾਰਤ ਵਿਚ ਅਮਰੀਕੀ ਦੂਤਾਵਾਸ ਤੋਂ ਦਖਲ ਦੀ ਮੰਗ ਕੀਤੀ ਸੀ। ਡੇਹਲੋਂ ਪੁਲਿਸ ਨੇ ਇਸ ਸਬੰਧ ਵਿਚ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿਚ ਲੈ ਕੇ ਉਸ ਦੀ ਨਿਸ਼ਾਨਦੇਹੀ ਤੇ ਮ੍ਰਿਤਕਾ ਦੀਆਂ ਹੱਡੀਆਂ ਅਤੇ ਹਥੌੜਾ ਬਰਾਮਦ ਕੀਤਾ ਹੈ।