#OTHERS

ਲਾਹੌਰ ‘ਵਰਸਿਟੀ ‘ਚ ਸੰਸਕ੍ਰਿਤ ਦੀ ਵਾਪਸੀ; ਪਾਕਿਸਤਾਨ ‘ਚ ਵੰਡ ਮਗਰੋਂ ਪਹਿਲੀ ਵਾਰ ਸ਼ੁਰੂ ਹੋਇਆ ਸੰਸਕ੍ਰਿਤ ਦਾ ਕੋਰਸ

ਚੰਡੀਗੜ੍ਹ, 12 ਦਸੰਬਰ (ਪੰਜਾਬ ਮੇਲ)- ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ‘ਚ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾ ਰਹੀ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ਨੇ ਇਸ ਕਲਾਸੀਕਲ ਭਾਸ਼ਾ ਦਾ ਕੋਰਸ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿਚ ਇਹ ਤਿੰਨ ਮਹੀਨਿਆਂ ਦੀ ਵਰਕਸ਼ਾਪ ਵਜੋਂ ਸ਼ੁਰੂ ਹੋਇਆ ਸੀ, ਪਰ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਇਸ ਨੂੰ ਪੂਰੇ ਚਾਰ ਕ੍ਰੈਡਿਟ ਵਾਲੇ ਯੂਨੀਵਰਸਿਟੀ ਕੋਰਸ ਵਿਚ ਤਬਦੀਲ ਕਰ ਦਿੱਤਾ ਗਿਆ।
ਗੁਰਮਾਨੀ ਸੈਂਟਰ ਦੇ ਡਾਇਰੈਕਟਰ ਡਾ. ਅਲੀ ਉਸਮਾਨ ਕਾਸਮੀ ਨੇ ਦੱਸਿਆ ਕਿ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਸੰਸਕ੍ਰਿਤ ਦੀਆਂ ਬਹੁਤ ਹੀ ਅਨਮੋਲ ਹੱਥ-ਲਿਖਤਾਂ ਮੌਜੂਦ ਹਨ, ਪਰ 1947 ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਵਿਦਵਾਨ ਨੇ ਇਨ੍ਹਾਂ ‘ਤੇ ਕੰਮ ਨਹੀਂ ਕੀਤਾ। ਹੁਣ ਤੱਕ ਸਿਰਫ਼ ਵਿਦੇਸ਼ੀ ਖੋਜਾਰਥੀ ਹੀ ਇਨ੍ਹਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਉਮੀਦ ਜਤਾਈ ਕਿ ਸਥਾਨਕ ਵਿਦਵਾਨ ਤਿਆਰ ਹੋਣ ਨਾਲ ਇਹ ਸਥਿਤੀ ਬਦਲੇਗੀ। ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਮਹਾਭਾਰਤ ਅਤੇ ਭਗਵਦ ਗੀਤਾ ‘ਤੇ ਵੀ ਕੋਰਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਪਹਿਲਕਦਮੀ ਡਾ. ਸ਼ਾਹਿਦ ਰਸ਼ੀਦ ਨੇ ਕੀਤੀ ਹੈ, ਜੋ ਫੋਰਮੈਨ ਕ੍ਰਿਸਚੀਅਨ ਕਾਲਜ ਵਿਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਖੁਦ ਸੰਸਕ੍ਰਿਤ ਸਿੱਖੀ ਅਤੇ ਹੁਣ ਉਹ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ‘ਚ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਲੋਕ ਪੜ੍ਹਾਉਂਦੇ ਹਨ ਤਾਂ ਵਿਦਿਆਰਥੀ ਇਹ ਜਾਣ ਕੇ ਹੈਰਾਨ ਰਹਿ ਜਾਂਦੇ ਹਨ ਕਿ ਉਰਦੂ ਦੇ ਕਈ ਸ਼ਬਦ ਸੰਸਕ੍ਰਿਤ ਤੋਂ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਕਿਸੇ ਇੱਕ ਧਰਮ ਦੀ ਨਹੀਂ, ਸਗੋਂ ਪੂਰੇ ਖੇਤਰ ਦੀ ਸਾਂਝੀ ਵਿਰਾਸਤ ਹੈ।
ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਡਾ. ਸ਼ਾਹਿਦ ਰਸ਼ੀਦ ਨੇ ਕਿਹਾ ਕਿ ਜੇ ਭਾਰਤ ਵਿਚ ਹੋਰ ਹਿੰਦੂ ਅਤੇ ਸਿੱਖ ਅਰਬੀ ਸਿੱਖਣ ਅਤੇ ਪਾਕਿਸਤਾਨ ਵਿਚ ਹੋਰ ਮੁਸਲਮਾਨ ਸੰਸਕ੍ਰਿਤ ਸਿੱਖਣ, ਤਾਂ ਇਹ ਦੱਖਣੀ ਏਸ਼ੀਆ ਲਈ ਇਕ ਨਵੀਂ ਅਤੇ ਉਮੀਦ ਵਾਲੀ ਸ਼ੁਰੂਆਤ ਹੋ ਸਕਦੀ ਹੈ, ਜਿੱਥੇ ਭਾਸ਼ਾਵਾਂ ਰੁਕਾਵਟਾਂ ਦੀ ਬਜਾਏ ਪੁਲ ਬਣ ਜਾਣਗੀਆਂ। ਡਾ. ਅਲੀ ਉਸਮਾਨ ਕਾਸਮੀ ਨੇ ਕਿਹਾ ਕਿ ਇਹ ਪਹਿਲ ਯੂਨੀਵਰਸਿਟੀ ਦੇ ਭਾਸ਼ਾ ਈਕੋ-ਸਿਸਟਮ ਦਾ ਹਿੱਸਾ ਹੈ, ਜਿਸ ਵਿਚ ਸਿੰਧੀ, ਪਸ਼ਤੋ, ਪੰਜਾਬੀ, ਬਲੋਚੀ, ਅਰਬੀ ਅਤੇ ਫਾਰਸੀ ਸ਼ਾਮਲ ਹਨ। ਵੇਦਾਂ ਦੀ ਰਚਨਾ ਇਸੇ ਖੇਤਰ ਵਿਚ ਹੋਈ ਮੰਨੀ ਜਾਂਦੀ ਹੈ, ਇਸ ਲਈ ਮੂਲ ਭਾਸ਼ਾ ਵਿਚ ਗ੍ਰੰਥਾਂ ਨੂੰ ਪੜ੍ਹਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।