#EUROPE

ਲਾਹੌਰ ‘ਚ ਹਵਾ ਪ੍ਰਦੂਸ਼ਣ ਰਿਕਾਰਡ ਪੱਧਰ ‘ਤੇ ਪੁੱਜਿਆ; ਹਜ਼ਾਰਾਂ ਲੋਕ ਹੋਏ ਬਿਮਾਰ

* ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਰਾਰ, ਹਵਾ ਗੁਣਵੱਤਾ ਸੂਚਕ ਅੰਕ 1100 ਤੋਂ ਟੱਪਿਆ
ਲਾਹੌਰ, 7 ਨਵੰਬਰ (ਪੰਜਾਬ ਮੇਲ)-ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਹਵਾ ਪ੍ਰਦੂਸ਼ਣ ਰਿਕਾਰਡ ਪੱਧਰ ‘ਤੇ ਪੁੱਜਣ ਕਾਰਨ ਹਜ਼ਾਰਾਂ ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਲੋਕਾਂ ਨੇ ਮਾਸਕ ਲਗਾਉਣ ਸਣੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਮੁਕੰਮਲ ਲਾਕਡਾਊਨ ਲਗਾਇਆ ਜਾ ਸਕਦਾ ਹੈ। ਇਹ ਚਿਤਾਵਨੀ ਉਦੋਂ ਦਿੱਤੀ ਗਈ ਹੈ, ਜਦੋਂ ਲੋਕ ਬਿਨਾਂ ਮਾਸਕ ਸੜਕਾਂ ‘ਤੇ ਨਜ਼ਰ ਆਏ। ਡਾਕਟਰਾਂ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਖੰਘ ਅਤੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਹੈ। ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਸਲਮਾਨ ਕਾਜ਼ਮੀ ਨੇ ਕਿਹਾ, ”ਪਿਛਲੇ ਹਫ਼ਤੇ ਵਿਚ ਸਾਹ ਦੀ ਸਮੱਸਿਆ ਤੋਂ ਪੀੜਤ ਹਜ਼ਾਰਾਂ ਲੋਕਾਂ ਦਾ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਇਲਾਜ ਕੀਤਾ ਗਿਆ। ਤੁਸੀਂ ਲੋਕਾਂ ਨੂੰ ਖੰਘਦੇ ਦੇਖ ਸਕਦੇ ਹੋ ਪਰ ਫਿਰ ਵੀ ਉਹ ਮਾਸਕ ਨਹੀਂ ਲਗਾਉਂਦੇ।”
ਬੁੱਧਵਾਰ ਸਵੇਰੇ ਲਾਹੌਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਅਤੇ ਇਥੇ ਹਵਾ ਗੁਣਵੱਤਾ ਸੂਚਕ ਅੰਕ 1100 ਦੇ ਅੰਕੜੇ ਤੋਂ ਟੱਪ ਗਿਆ ਹੈ। 300 ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਜ਼ਹਿਰੀਲੇ ਧੂੰਏਂ ਨੇ ਪਿਛਲੇ ਮਹੀਨੇ ਤੋਂ ਸ਼ਹਿਰ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਪੰਜਾਬ ਸੂਬੇ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਸ਼ਹਿਰ ‘ਚ ਮੁਕੰਮਲ ਲਾਕਡਾਊਨ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਪਹਿਲਾਂ ਹੀ ਕਈ ਕਦਮਾਂ ਦਾ ਐਲਾਨ ਕੀਤਾ ਹੈ।