-ਬਲਦੇਵ ਸਿੰਘ ‘ਸੜਕਨਾਮਾ’ ਦੀ ਗਿਆਨੀ ਗੁਰਦਿੱਤ ਸਿੰਘ ਬਾਰੇ ਸ਼ਾਹਮੁਖੀ ਵਿਚ ਛਪੀ ਪੁਸਤਕ ਰਿਲੀਜ਼
ਸਰੀ, 15 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਲਾਹੌਰ ਵੱਲੋਂ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ. ਦੇ ਸਹਿਯੋਗ ਨਾਲ ਬੀਤੇ ਦਿਨੀਂ ਨਾਮਵਰ ਪੰਜਾਬੀ ਸਾਹਿਤਕਾਰ ਮਰਹੂਮ ਗਿਆਨੀ ਗੁਰਦਿੱਤ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਮਰਹੂਮ ਇੰਦਰਜੀਤ ਕੌਰ ਸੰਧੂ ਦੀ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮੀਰ ਖ਼ਲੀਲੁ ਰਹਿਮਾਨ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਅਤੇ ਰੋਜ਼ਾਨਾ ਜੰਗ ਨਾਲ ਜੁੜੇ ਸੀਨੀਅਰ ਪੱਤਰਕਾਰ ਵਾਸੀਫ ਨਾਗੀ ਸਨ, ਵਿਸ਼ੇਸ਼ ਮਹਿਮਾਨ ਡਾ. ਸ਼ਾਇਸਤਾ ਨੁਜ਼ਹਤ ਅਤੇ ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਡਾਇਰੈਕਟਰ ਕੋਆਰਡੀਨੇਸ਼ਨ ਡਾ. ਤਨਵੀਰ ਕਾਸਿਮ ਰਾਣਾ ਸਨ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਡਾਇਰੈਕਟਰ ਡਾ. ਅਬਦੁੱਲ ਰੱਜ਼ਾਕ ਸ਼ਾਹਿਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਗਿਆਨੀ ਗੁਰਦਿੱਤ ਸਿੰਘ ਦੀਆਂ ਸਾਹਿਤਕ ਸੇਵਾਵਾਂ ਅਤੇ ਪ੍ਰੋ. ਇੰਦਰਜੀਤ ਕੌਰ ਦੀਆਂ ਵਿੱਦਿਅਕ ਸੇਵਾਵਾਂ ਬਾਰੇ ਚਾਨਣਾ ਪਾਇਆ।

ਦੋਵਾਂ ਸ਼ਖ਼ਸੀਅਤਾਂ ਦੀ ਜਾਣ-ਪਛਾਣ ਤੋਂ ਬਾਅਦ ਕੈਨੇਡਾ ਵਸਦੇ ਜੈਤੇਗ ਸਿੰਘ ਅਨੰਤ ਵੱਲੋਂ ਵੌਇਸ ਸੰਦੇਸ਼ ਸੁਣਾਇਆ ਗਿਆ। ਦੋਵਾਂ ਪਤੀ-ਪਤਨੀ ਦੀਆਂ ਜੀਵਨ ਪ੍ਰਾਪਤੀਆਂ ’ਤੇ ਆਧਾਰਿਤ ਸਲਾਈਡਾਂ ਦਿਖਾਈਆਂ ਗਈਆਂ। ਜ਼ੂਮ ਲਿੰਕ ’ਤੇ ਹੋਏ ਸਮਾਰੋਹ ’ਚ ਦੋਵਾਂ ਸ਼ਖਸੀਅਤਾਂ ਦੇ ਰਿਸ਼ਤੇਦਾਰ ਮੌਜੂਦ ਸਨ। ਗੁਰਦਿੱਤ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ ਨੇ ਦੋਵਾਂ ਬਾਰੇ ਖ਼ੂਬਸੂਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਅਤੇ ਅਕਾਦਮਿਕ ਸੇਵਾਵਾਂ ਦਾ ਇੱਕ ਜ਼ਮਾਨਾ ਸ਼ਲਾਘਾ ਕਰਦਾ ਹੈ। ਗੁਰਿੰਦਰ ਮਾਨ ਅਮਰੀਕਾ ਤੋਂ ਇਸ ਸਮਾਗਮ ਵਿਚ ਸ਼ਾਮਲ ਹੋਏ।
ਸਮਾਗਮ ਦੇ ਅਗਲੇ ਪੜਾਅ ਵਿਚ ਗਿਆਨੀ ਗੁਰਦਿੱਤ ਸਿੰਘ ਬਾਰੇ ਬਲਦੇਵ ਸਿੰਘ ‘ਸੜਕਨਾਮਾ’ ਦੀ ਸ਼ਾਹਮੁਖੀ ਵਿਚ ਛਪੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਉਨ੍ਹਾਂ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਸੇਵਾਵਾਂ ਦਾ ਵਰਨਣ ਕੀਤਾ ਹੈ। ਸਮਾਗਮ ਦਾ ਤੀਜੇ ਪੜਾਅ ਵਿਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਨੈਸ਼ਨਲ ਕਾਲਜ ਆਫ਼ ਆਰਟਸ ਦੇ ਸਾਬਕਾ ਪਿ੍ਰੰਸੀਪਲ ਅਤੇ ‘ਥਾਪ’ ਦੇ ਸੀ.ਈ.ਓ. ਪ੍ਰੋ. ਸਾਜਿਦਾ ਹੈਦਰ ਵੰਡਲ, ਨਾਮਵਰ ਪੰਜਾਬੀ ਲੇਖਕ, ਨਾਵਲਕਾਰ, ਸਫ਼ਰਨਾਮਾ ਲੇਖਕ ਅਤੇ ਕਵੀ ਪ੍ਰੋ. ਆਸ਼ਿਕ ਰਾਹੀਲ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਅਤੇ ਨਕਦ ਇਨਾਮ ਦਿੱਤਾ ਗਿਆ। ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੇਵਾਵਾਂ ਬਦਲੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ, ਪ੍ਰੋ. ਡਾ. ਇਬਾਦਤ ਨਬੀਲ ਸ਼ਾਦ ਅਤੇ ਸਤਵੰਤ ਕੌਰ ਲੈਕਚਰ ਕਿੰਨਰਡ ਕਾਲਜ ਨੂੰ ਪੰਜਾਬੀ ਸੇਵਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।