#AMERICA

ਲਾਸ ਵੇਗਾਸ ਹਾਈ ਸਕੂਲ ਦੇ ਇਕ ਵਿਦਿਆਰਥੀ ਦੀ ਸਾਥੀਆਂ ਵੱਲੋਂ ਕੀਤੀ ਕੁੱਟਮਾਰ ਨਾਲ ਹੋਈ ਮੌਤ, 8 ਨਬਾਲਗਾਂ ਵਿਰੁੱਧ ਆਇਦ ਹੋਣਗੇ ਹੱਤਿਆ ਦੇ ਦੋਸ਼

ਸੈਕਰਾਮੈਂਟੋ,ਕੈਲੀਫੋਰਨੀਆ, 17 ਨਵੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਨੇਵਾਡਾ ਰਾਜ ਵਿਚ ਲਾਸ ਵੇਗਾਸ ਹਾਈ ਸਕੂਲ ਦੇ ਇਕ 17 ਸਾਲਾ ਵਿਦਿਆਰਥੀ ਦੀ ਸਾਥੀਆਂ ਵੱਲੋਂ ਕੀਤੀ ਕੁੱਟਮਾਰ ਉਪਰੰਤ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ 8 ਨਬਾਲਗਾਂ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਜਾ ਰਹੇ ਹਨ। ਪੁਲਿਸ ਦੇ ਇਕ ਬੁਲਾਰੇ ਅਨੁਸਾਰ ਵਾਇਰਲੈੱਸ ਹੈੱਡਫੋਨ ਚੋਰੀ ਹੋਣ ਨੂੰ ਲੈ ਕੇ ਹੋਏ ਝਗੜੇ ਵਿੱਚ ਜੋਨਾਥਨ ਲੇਵਿਸ ਨਾਮੀ ਵਿਦਿਆਰਥੀ ਦੀ ਪਾਗਲਾਨਾ ਢੰਗ ਨਾਲ ਕੁੱਟਮਾਰ ਕੀਤੀ ਗਈ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਲਾਸ ਵੇਗਾਸ ਪੁਲਿਸ ਦੇ ਬੁਲਾਰੇ ਲੈਫਟੀਨੈਂਟ ਜੈਸਨ ਜੌਹਨਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਟਮਾਰ ਦੀ ਇਹ ਘਟਨਾ ਰਾਂਚੋ ਹਾਈ ਸਕੂਲ ਕੈਂਪਸ ਨੇੜੇ ਸਕੂਲ ਵਿਚ ਛੁੱਟੀ ਹੋ ਜਾਣ ਉਪਰੰਤ ਵਾਪਰੀ ਸੀ ਜੋ ਇਕ ਵੀਡੀਓ ਵਿਚ ਰਿਕਾਰਡ ਹੋ ਗਈ ਸੀ। ਅੰਡਰਸ਼ੈਰਿਫ ਐਂਡਰੀਊ ਵਾਲਸ਼ ਨੇ ਕਿਹਾ ਹੈ ਕਿ 8 ਨਬਾਲਗ ਜਿਨਾਂ ਦੇ ਨਾਂ ਜਨਤਿਕ ਨਹੀਂ ਕੀਤੇ ਗਏ, ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਨਾਂ ਨੂੰ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਰਾਂਚੋ ਹਾਈ ਸਕੂਲ ਦੇ ਇਨਾਂ ਸ਼ੱਕੀ ਵਿਦਿਆਰਥੀਆਂ ਦੀ ਉਮਰ 13 ਤੋਂ 17 ਸਾਲਾਂ ਦੇ ਦਰਮਿਆਨ ਹੈ।