* ਇੰਟਰਸਟੇਟ 10 ਰੂਟ ਅਣਮਿੱਥੇ ਸਮੇਂ ਲਈ ਬੰਦ, ਲੋਕਾਂ ਦੀ ਪ੍ਰੇਸ਼ਾਨੀ ਵਧੀ
ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ ਦੇ ਇਕ ਵੱਡੇ ਗੁਦਾਮ (ਸਟੋਰੇਜ ਯਾਰਡ) ਨੂੰ ਬੀਤੇ ਦਿਨੀਂ ਲੱਗੀ ਅੱਗ ਜਾਣਬੁੱਝ ਕੇ ਲਾਈ ਗਈ ਸੀ, ਜਿਸ ਬਾਰੇ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੀਤਾ ਹੈ। ਸਟੋਰੇਜ ਯਾਰਡ ਨੂੰ ਲੱਗੀ ਭਿਆਨਕ ਅੱਗ ਕਾਰਨ ਇੰਟਰਸਟੇਟ 10 ਰੂਟ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ, ਜਿਸ ਰੂਟ ਰਾਹੀਂ ਰੋਜ਼ਾਨਾ 3 ਲੱਖ ਤੋਂ ਵਧ ਲੋਕ ਲੰਘਦੇ ਹਨ। ਨਿਊਸਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ’ਚ ਅੱਗ ਲੱਗਣ ਪਿੱਛੇ ਦੁਰਭਾਵਨਾ ਪਾਈ ਗਈ ਹੈ ਤੇ ਅੱਗ ਸੋਚ ਸਮਝ ਕੇ ਲਾਈ ਗਈ ਹੈ। ਹਾਲਾਂਕਿ ਗਵਰਨਰ ਨੇ ਕਿਸੇ ਸ਼ੱਕੀ ਦਾ ਨਾਂ ਨਹੀਂ ਲਿਆ ਤੇ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮੇਅਰ ਕਾਰੇਨ ਬਾਸ ਨੇ ਪਹਿਲਾਂ ਹੀ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਇੰਟਰਸਟੇਟ ਮਾਰਗ ਬੰਦ ਕਰਨ ਨੂੰ ਇਕ ਸੰਕਟ ਕਰਾਰ ਦਿੱਤਾ ਹੈ। ਉਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੰਟਰਸਟੇਟ ਖੁੱਲ੍ਹਣ ਤੱਕ ਸਬਰ ਰੱਖਣ ਤੇ ਬਦਲਵੇਂ ਰਸਤਿਆਂ ਬਾਰੇ ਸੋਚਣ। ਇਥੇ ਜ਼ਿਕਰਯੋਗ ਹੈ ਕਿ ਲਾਸ ਏਂਜਲਸ ਦੇ ਡਾਊਨ ਟਾਊਨ ਖੇਤਰ ਵਿਚ ਅਲਾਮੇਡਾ ਨੇੜੇ ਇੰਟਰਸਟੇਟ ਰੂਟ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਅੱਗ ਕਾਰਨ ਭਾਰੀ ਨੁਕਸਾਨ ਪੁੱਜਾ ਹੈ।