#AMERICA

ਲਾਸ ਏਂਜਲਸ ‘ਚ ਯੂਨਾਈਟਿਡ ਏਅਰਲਾਈਨਜ਼ ਸ਼ਟਲ ਬੱਸ ‘ਚ ਇਕ ਔਰਤ ਵੱਲੋਂ ਭਾਰਤੀ-ਅਮਰੀਕੀ ਪਰਿਵਾਰ ਨਾਲ ਨਸਲੀ ਦੁਰਵਿਵਹਾਰ

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ‘ਤੇ ਯੂਨਾਈਟਿਡ ਏਅਰਲਾਈਨਜ਼ ਸ਼ਟਲ ਬੱਸ ਵਿਚ ਵਾਪਰੀ ਇਕ ਹੈਰਾਨੀਜਨਕ ਘਟਨਾ ਵਿਚ ਇਕ ਔਰਤ ਵੱਲੋਂ ਇਕ ਭਾਰਤੀ-ਅਮਰੀਕੀ ਪਰਿਵਾਰ ਉਪਰ ਨਸਲੀ ਟਿੱਪਣੀਆਂ ਕਰਨ ਦੀ ਖਬਰ ਹੈ। ਫੋਟੋਗ੍ਰਾਫਰ ਪਰਵੇਜ਼ ਤਾਫੀਕ ਜਿਸ ਦੇ ਪਰਿਵਾਰ ਨਾਲ ਔਰਤ ਨੇ ਨਸਲੀ ਦੁਰਵਿਵਹਾਰ ਕੀਤਾ, ਨੇ ਸਾਰੀ ਘਟਨਾ ਦੀ ਵੀਡੀਓ ਬਣਾਈ ਹੈ। ਔਰਤ ਨੇ ਤਾਫੀਕ ਦੇ 11 ਸਾਲਾ ਲੜਕੇ ਦੇ ਭਾਰਤੀ ਪਿਛੋਕੜ ਨੂੰ ਲੈ ਕੇ ਬੁਰਾ-ਭਲਾ ਕਿਹਾ, ਜਿਸ ਦਾ ਤਾਫੀਕ ਨੇ ਵਿਰੋਧ ਕੀਤਾ। ਔਰਤ ਨੇ ਆਪਣੇ ਹੱਥਾਂ ਦੀਆਂ ਦੋਨੋਂ ਵਿਚਕਾਰਲੀਆਂ ਉਂਗਲੀਆਂ ਖੜ੍ਹੀਆਂ ਕਰਕੇ ਕਿਹਾ, ਤੁਹਾਡਾ ਪਰਿਵਾਰ ਭਾਰਤੀ ਹੈ, ਤੁਹਾਡੀ ਕੋਈ ਇੱਜ਼ਤ ਨਹੀਂ ਹੈ। ਤਾਫੀਕ ਨੇ ਕਿਹਾ ਕਿ ਉਹ ਅਮਰੀਕਾ ਵਿਚ ਪੈਦਾ ਹੋਇਆ ਹੈ, ਤਾਂ ਔਰਤ ਨੇ ਇਸ ਤੋਂ ਇਨਕਾਰ ਕਰਦਿਆਂ ਆਪਣਾ ਦੁਰਵਿਵਹਾਰ ਜਾਰੀ ਰੱਖਿਆ। ਸਥਿਤੀ ਉਸ ਸਮੇ ਹੋਰ ਖਰਾਬ ਹੋ ਗਈ, ਜਦੋਂ ਔਰਤ ਨੇ ਤਾਫੀਕ ਨੂੰ ਮੂੰਹ ਬੰਦ ਰੱਖਣ ਲਈ ਕਿਹਾ। ਇਸ ‘ਤੇ ਕੁਝ ਹੋਰ ਯਾਤਰੀਆਂ ਨੇ ਔਰਤ ਨੂੰ ਬੱਸ ਵਿਚੋਂ ਉਤਾਰ ਦੇਣ ਲਈ ਕਿਹਾ। ਯਾਤਰੀਆਂ ਦਾ ਕਹਿਣਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਆਪੇ ਤੋਂ ਬਾਹਰ ਹੋ ਚੁੱਕੀ ਹੈ। ਇਸ ‘ਤੇ ਸਟਾਫ ਨੇ ਔਰਤ ਨੂੰ ਬੱਸ ਵਿਚੋਂ ਲਾਹ ਦਿੱਤਾ। ਇਸ ਘਟਨਾ ਦੀ ਆਨਲਾਈਨ ਵਿਆਪਕ ਨਿੰਦਾ ਹੋ ਰਹੀ ਹੈ। ਤਾਫੀਕ ਨੇ ਘਟਨਾ ਦੌਰਾਨ ਉਸ ਦੇ ਪਰਿਵਾਰ ਦਾ ਸਾਥ ਦੇਣ ਵਾਲੇ ਯਾਤਰੀਆਂ ਦਾ ਧੰਨਵਾਦ ਕੀਤਾ ਹੈ।