‘ਵ੍ਹਾਈਟ ਸੁਪਰਮੇਸੀ ਗੈਂਗ’ ਨਾਲ ਸਬੰਧਤ 68 ਸ਼ੱਕੀ ਗ੍ਰਿਫਤਾਰ, ਦੋਸ਼ ਆਇਦ
ਸੈਕਰਾਮੈਂਟੋ, 5 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਘਰੇਲੂ ਅੱਤਵਾਦ ਸਬੰਧੀ ਜਾਂਚ ਤਹਿਤ ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਵਿਚ ਇਕ ਵੱਡੀ ਕਾਰਵਾਈ ਕਰਦਿਆਂ ‘ਵ੍ਹਾਈਟ ਸੁਪਰਮੇਸੀ ਗੈਂਗ’ ਨਾਲ ਸਬੰਧਤ 68 ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸੰਘੀ ਵਕੀਲਾਂ ਨੇ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੈਕਰਵੁੱਡਜ ਗਿਰੋਹ ਦੇ ਮੈਂਬਰਾਂ ਤੇ ਉਨਾਂ ਦੇ ਜੋਟੀਦਾਰਾਂ ਵਿਰੁੱਧ ਸੰਘੀ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ਵਿਚ ਫਿਰੌਤੀ ਮੰਗਣਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਵਿਤੀ ਧੋਖਾਧੜੀ ਦੇ ਦੋਸ਼ ਵੀ ਸ਼ਾਮਿਲ ਹਨ। ਯੂ.ਐੱਸ. ਅਟਾਰਨੀ ਸੈਂਟਰਲ ਡਿਸਟ੍ਰਿਕਟ ਕੈਲੀਫੋਰਨੀਆ ਮਾਰਟਿਨ ਏਸਟਰਾਡਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗਿਰੋਹ ਦੀ ਨਸਲੀ, ਜਾਤੀ ਤੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਮਲੇ ਕਰਨ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਕਿ ਇਹ ਲੋਕ ਆਪਣੀ ਯੋਜਨਾ ਨੂੰ ਸਿਰੇ ਚਾੜ੍ਹਦੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਦੁਖਾਂਤ ਵਾਪਰਨ ਦੀ ਉਡੀਕ ਨਹੀਂ ਸੀ ਕਰ ਸਕਦੇ। ਏਸਟਰਾਡਾ ਨੇ ਕਿਹਾ ਕਿ 40 ਤੋਂ ਵਧ ਪੈਕਰਵੁੱਡਜ ਸ਼ੱਕੀ ਮੈਂਬਰਾਂ ਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੁਝ ਪਹਿਲਾਂ ਹੀ ਹਿਰਾਸਤ ਵਿਚ ਸਨ। ਉਨ੍ਹਾਂ ਕਿਹਾ ਕਿ ਨਿਆਂ ਵਿਭਾਗ ਦੇ ਇਤਿਹਾਸ ਵਿਚ ਨਵ-ਨਾਜ਼ੀ, ਵਾਈਟ ਸੁਪਰਮੇਸਿਸਟ ਜਾਂ ਕਿਸੇ ਅੱਤਵਾਦੀ ਸੰਗਠਨ ਵਿਰੁੱਧ ਇਹ ਇਕ ਸਭ ਤੋਂ ਵੱਡੀ ਕਾਰਵਾਈ ਹੈ। ਇਨ੍ਹਾਂ ਦੀ ਗ੍ਰਿਫਤਾਰੀ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਨਾਲ ਸਬੰਧਤ ਸੰਘੀ ਤੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਹੋਰ ਕਈ ਏਜੰਸੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਲਾਸ ਏਂਜਲਸ ਖੇਤਰ ‘ਚ ਨਸਲੀ ਨਫਰਤ ਫੈਲਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ
