ਚੰਡੀਗੜ੍ਹ, 19 ਜੂਨ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 17 ਸਕਿੰਟਾਂ ਦੀ ਵਾਇਰਲ ਹੋਈ ਵੀਡੀਓ ਨੇ ਜੇਲ੍ਹ ਪ੍ਰਬੰਧਾਂ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਰਾਹੀਂ ਉਹ ਪਾਕਿਸਤਾਨ ਦੇ ਗੈਂਗਸਟਰ ਡਾਨ ਸਹਿਜ਼ਾਦ ਭੱਟੀ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ, ਪਾਕਿਸਤਾਨੀ ਗੈਂਗਸਟਰ ਭੱਟੀ ਨੂੰ ਈਦ ਦੀ ਮੁਬਾਰਕਬਾਦ ਦੇ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੋ ਦਿਨ ਪਹਿਲਾਂ 16 ਜੂਨ ਦੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਵਿਚ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ‘ਚ ਬੰਦ ਹੈ। ਇਸ ਤੋਂ ਪਹਿਲਾਂ ਮਾਰਚ 2023 ਵਿਚ ਬਿਸ਼ਨੋਈ ਨੇ ਨਿਆਂਇਕ ਹਿਰਾਸਤ ਵਿਚ ਰਹਿੰਦੇ ਹੋਏ ਇੱਕ ਵੀਡੀਓ ਕਾਲ ਰਾਹੀਂ ਦੋ ਇੰਟਰਵਿਊ ਦਿੱਤੇ ਸਨ, ਇੱਕ ਘੰਟੇ ਦੀ ਇੰਟਰਵਿਊ ਵਿਚ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਵਿਚ ਮੁੱਖ ਸਾਜ਼ਿਸ਼ਕਰਤਾ ਵਜੋਂ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ, ਹਾਲਾਂਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਇੰਟਰਵਿਊ ਨਹੀਂ ਲਈ ਗਈ।