ਮਾਨਸਾ, 8 ਅਗਸਤ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਹ ਸਪੱਸ਼ਟ ਕਰੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦਾ ਮੰਤਵ ਕੀ ਸੀ? ਇਹ ਟਿੱਪਣੀ ਉਨ੍ਹਾਂ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤੀ ਉਸ ਰਿਪੋਰਟ ਦੇ ਮੱਦੇਨਜ਼ਰ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਗੈਂਗਸਟਰ ਲਾਰੈਂਸ ਦੀ ਪਹਿਲੀ ਇੰਟਰਵਿਊ ਸੀ.ਆਈ.ਏ. ਸਟਾਫ਼ ਖਰੜ ਤੇ ਦੂਸਰੀ ਰਾਜਸਥਾਨ ਦੀ ਜੇਲ੍ਹ ‘ਚ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੂੰ ਗੈਂਗਸਟਰ ਹੀ ਚਲਾ ਰਹੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਇਹ ਗੁਹਾਰ ਲਗਾਉਂਦਾ ਆ ਰਿਹਾ ਹੈ ਕਿ ਬਿਸ਼ਨੋਈ ਦੀ ਇੰਟਰਵਿਊ ਇਕ ਸਾਜ਼ਿਸ਼ ਅਧੀਨ ਕਰਵਾਈ ਗਈ ਹੈ, ਜਿਸਦਾ ਮਕਸਦ ਮੂਸੇਵਾਲਾ ਕੇਸ ਦੇ ਗਵਾਹਾਂ ਨੂੰ ਡਰਾਉਣਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤਾਂ ‘ਤੇ ਰੱਬ ਵਰਗਾ ਭਰੋਸਾ ਹੈ ਤੇ ਆਸ ਹੈ ਕਿ ਸਾਡੇ ਪੁੱਤ ਦੀ ਹੱਤਿਆ ਦੇ ਮਾਮਲੇ ‘ਚ ਇਨਸਾਫ਼ ਮਿਲੇਗਾ।
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦਾ ਮੰਤਵ ਸਰਕਾਰ ਸਪੱਸ਼ਟ ਕਰੇ : ਬਲਕੌਰ ਸਿੰਘ
