#AMERICA

ਲਾਪਤਾ ਭਾਰਤੀ ਵਿਦਿਆਰਥਣ ਦੇ ਮਾਪਿਆਂ ਵੱਲੋਂ ਧੀ ਨੂੰ ਮ੍ਰਿਤਕ ਐਲਾਨਣ ਦੀ ਅਪੀਲ

ਨਿਊਯਾਰਕ, 19 ਮਾਰਚ (ਪੰਜਾਬ ਮੇਲ)- ਡੋਮੀਨਿਕਨ ਗਣਰਾਜ ਵਿਚ ਲਾਪਤਾ ਹੋਈ 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨਾਂਕੀ ਦੇ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਵੇ। ਅਮਰੀਕੀ ਮੀਡੀਆ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤੀ-ਅਮਰੀਕੀ ਨਾਗਰਿਕ ਕੋਨਾਂਕੀ ਨੂੰ ਆਖ਼ਰੀ ਵਾਰ 6 ਮਾਰਚ ਨੂੰ ਪੁੰਟਾ ਕਾਨਾ ਸ਼ਹਿਰ ਦੇ ਰਿਊ ਰਿਪਬਲਿਕ ਰਿਜ਼ੌਰਟ ਵਿਚ ਦੇਖਿਆ ਗਿਆ ਸੀ। ਉਹ ਡੋਮੀਨਿਕਨ ਗਣਰਾਜ ਵਿਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਈ ਸੀ। ਅਮਰੀਕੀ ਸੰਘੀ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਉਸ ਦੇ ਲਾਪਤਾ ਹੋਣ ਦੀ ਜਾਂਚ ਵਿਚ ਕੈਰੇਬਿਆਈ ਦੇਸ਼ ਦੀਆਂ ਅਥਾਰਿਟੀਜ਼ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਕਾਫੀ ਭਾਲ ਦੇ ਬਾਵਜੂਦ ਉਸ ਦੀ ਲਾਸ਼ ਨਹੀਂ ਮਿਲੀ ਹੈ। ਡੋਮੀਨਿਕਨ ਰਿਪਬਲਿਕ ਨੈਸ਼ਨਲ ਪੁਲਿਸ ਦੇ ਤਰਜਮਾਨ ਡੀਏਗੋ ਪੈਸਕੋਰਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਕੋਨਾਂਕੀ ਦੇ ਪਰਿਵਾਰ ਨੇ ਏਜੰਸੀ ਨੂੰ ਪੱਤਰ ਭੇਜ ਕੇ ਉਸ ਦੀ ਮੌਤ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਨਾਂਕੀ ਦੀ ਮੌਤ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਖਬਰ ਮੁਤਾਬਕ, ਜਾਂਚ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਡੋਮੀਨਿਕਨ ਗਣਰਾਜ ਅਥਾਰਿਟੀਜ਼ ਨੇ ਉਸ ਵਿਅਕਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ, ਜਿਸ ਨੂੰ ਕੋਨਾਂਕੀ ਦੇ ਨਾਲ ਆਖ਼ਰੀ ਵਾਰ ਦੇਖਿਆ ਗਿਆ ਸੀ। ਸੂਤਰ ਨੇ ਦੱਸਿਆ ਕਿ ਡੋਮੀਨਿਕਨ ਗਣਰਾਜ ਦੇ ਅਟਾਰਨੀ ਜਨਰਲ ਯੈਨੀ ਬੈਰੇਨਿਸ ਰੇਅਨੋਸੋ ਨੇ ਹਫ਼ਤੇ ਦੇ ਅੰਤ ਵਿਚ ਜੋਸ਼ੂਆ ਸਟੀਵਨ ਰੀਬੇ ਕੋਲੋਂ ਛੇ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ ਅਤੇ ਅੱਗੇ ਵੀ ਪੁੱਛ-ਪੜਤਾਲ ਜਾਰੀ ਰਹਿਣ ਦੀ ਆਸ ਹੈ। ਰੀਬੇ ਨੂੰ ਇਸ ਮਾਮਲੇ ਵਿਚ ਸ਼ੱਕੀ ਨਹੀਂ ਮੰਨਿਆ ਗਿਆ ਹੈ।